ਇਟਲੀ: ਮੇਅਰ ਅਨਤੋਨੀਓ ਤੈਰਾ ਨੇ ਕਮੂਨੇ ਦੀਆਂ ਚੋਣਾਂ ਸੰਬੰਧੀ ਭਾਰਤੀ ਭਾਈਚਾਰੇ ਨਾਲ ਕੀਤੀ ਵਿਸ਼ੇਸ਼ ਮੀਟਿੰਗ

05/08/2023 4:23:44 PM

ਰੋਮ (ਕੈਂਥ): ਇਟਲੀ ਵਿੱਚ ਆਉਣ ਵਾਲੀ 14 ਅਤੇ 15 ਮਈ ਨੂੰ ਕਮੂਨੇ (ਭਾਵ ਨਗਰ ਕੌਂਸਲ) ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਸੰਬੰਧ ਵਿੱਚ ਸੂਬਾ ਲਾਸੀਓ ਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਦੇ ਮੌਜੂਦਾ ਮੇਅਰ ਅਨਤੋਨੀਓ ਤੈਰਾ ਨੇ ਬੀਤੇ ਦਿਨ ਅਪ੍ਰੀਲੀਆ ਸ਼ਹਿਰ ਵਿੱਚ ਰਹਿਣ ਬਸੇਰਾ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਚੋਣਾਂ ਸੰਬੰਧੀ ਕੰਪੋ ਦੀ ਕਾਰਨੈ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਸ਼ਮੂਲੀਅਤ ਕਰਕੇ ਅਪ੍ਰੀਲੀਆ ਸ਼ਹਿਰ ਵਿੱਚ ਆ ਰਹੀਆਂ ਮੁਸਕਲਾਂ ਤੇ ਮੰਗਾਂ ਸੰਬੰਧੀ ਮੇਅਰ ਨੂੰ ਜਾਣੂ ਕਰਵਾਇਆ ਗਿਆ। 

ਅਨਤੋਨੀਓ ਤੈਰਾ ਨੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਕਾਰਜਕਾਲ 11 ਮਈ ਨੂੰ ਸਮਾਪਤ ਹੋ ਰਿਹਾ ਹੈ ਅਤੇ ਇਸ ਵਾਰ ਮੈਨੂੰ ਪਾਰਟੀ ਵਲੋਂ ਸਿੰਦਕੋ (ਮੇਅਰ) ਨਹੀ ਬਲਕਿ ਮੇਅਰ ਦੇ ਸਲਾਹਕਾਰ ਵਜੋਂ ਚੋਣ ਲੜਨ ਲਈ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਵਾਰ ਮੇਅਰ ਦੀ ਉਮੀਦਵਾਰੀ ਮੈਡਮ ਲੂਆਨਾ ਕੰਪੋਰਾਸੋ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਫਿਰ ਤੋਂ ਇੱਕ ਵਾਰ ਆਪਣਾ ਕੀਮਤੀ ਵੋਟ ਪਾਉ ਅਤੇ ਨਾਲ ਹੀ ਇੱਕ ਵੋਟ ਸਾਡੇ ਸਿੰਦਕੋ ਮੈਡਮ ਲੂਆਨਾ ਕੰਪੋਰਾਸੋ ਨੂੰ ਪਾ ਕੇ ਜਿਤਾਓ। ਸਾਡੀ ਪਾਰਟੀ ਅਤੇ ਅਸੀਂ ਹਰ ਸਮੇਂ ਆਪ ਜੀ ਸੇਵਾਵਾਂ ਵਿੱਚ ਹਾਜ਼ਰ ਰਹਾਂਗੇ। ਦੂਜੇ ਭਾਰਤੀ ਭਾਈਚਾਰੇ ਦੇ ਆਗੂਆਂ ਵਲੋਂ ਵੀ ਮੇਅਰ ਅੱਗੇ ਅਪ੍ਰੀਲੀਆ ਸ਼ਹਿਰ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ ਅਤੇ ਆਪਣੀਆਂ ਮੰਗਾਂ ਦੱਸੀਆਂ। 

ਜਿਨ੍ਹਾਂ ਵਿੱਚ ਜੇਕਰ ਭਾਰਤੀ ਭਾਈਚਾਰੇ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾ ਉਨ੍ਹਾਂ ਇਸ ਇਲਾਕੇ ਵਿੱਚ ਜਾਂ ਸ਼ਹਿਰ ਵਿੱਚ ਭਾਰਤੀ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕਰਨ ਲਈ ਜਗ੍ਹਾ ਅਤੇ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਲਈ ਮਸ਼ੀਨ (ਭੱਠੀ) ਦਾ ਪ੍ਰਬੰਧ ਕੀਤਾ ਜਾਵੇ ਦੂਜਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਦਿੱਕਤਾਂ ਤੇ ਸਰਵਿਸਜ਼ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ। ਤੀਜਾ ਅਪ੍ਰੀਲੀਆ ਸ਼ਹਿਰ ਵਿੱਚ ਪੁਲਿਸ ਇਮੀਗ੍ਰੇਸ਼ਨ ਦਫ਼ਤਰ ਹੋਣਾ ਚਾਹੀਦਾ ਹੈ। ਇਸ ਮੌਕੇ ਮੌਜੂਦਾ ਮੇਅਰ ਤੇ ਸਲਾਹਕਾਰ ਵਜੋਂ ਉਮੀਦਵਾਰ ਅਨਤੋਨੀਓ ਤੈਰਾ ਨੇ ਯਕੀਨ ਦਿਵਾਇਆ ਕਿ ਜੇਕਰ ਲੋਕਾਂ ਨੇ ਇਸ ਵਾਰ ਫਿਰ ਤੋਂ ਉਹਨਾਂ ਨੂੰ ਤੇ ਸਿੰਡਕੋ ਮੈਡਮ ਲੂਆਨਾ ਮੇਅਰ ਦੇ ਉਮੀਦਵਾਰ ਨੂੰ ਚੋਣਾਂ ਵਿੱਚ ਫਤਬਾ ਦਿੱਤਾ ਤਾਂ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਭਾਰਤੀ ਭਾਈਚਾਰੇ ਦੇ ਹਰ ਸੰਭਵ ਕੰਮ ਪਹਿਲ ਦੇ ਅਧਾਰ 'ਤੇ ਹੱਲ ਕਰਵਾਏ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਅਲਬਾਨੀਜ਼ ਸਰਕਾਰ ਨੇ ਸਿੰਗਲ ਮਾਪਿਆਂ ਲਈ ਕੀਤਾ ਅਹਿਮ ਐਲਾਨ, ਦਿੱਤੀ ਵੱਡੀ ਰਾਹਤ

ਤੈਰਾ ਨੇ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੇ ਮੇਅਰ ਦੇ 11 ਸਾਲਾਂ ਦੇ ਕਾਰਜਕਾਲ ਵਿੱਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਪ੍ਰੀਲੀਆ ਦੇ ਭਾਰਤੀ ਭਾਈਚਾਰੇ ਵਲੋਂ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਮਿਹਨਤੀ ਅਤੇ ਇਮਾਨਦਾਰ ਹਨ। ਅਤੇ ਹਮੇਸ਼ਾ ਹੀ ਮੁਸੀਬਤ ਵਿੱਚ ਇਟਲੀ ਦਾ ਸਾਥ ਦਿੰਦੇ ਆ ਰਹੇ ਹਨ। ਦੱਸਣਯੋਗ ਹੈ ਕਿ ਅਨਤੋਨੀਓ ਨੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਟਾਇਮ ਵਿੱਚ ਲਾਤੀਨਾ ਤੇ ਚਿਤਰੇਨਾ ਕਸਤੂਰੇ (ਇੰਮੀਗ੍ਰੇਸ਼ਨ ਵਿਭਾਗ) ਦੀ ਮਦਦ ਨਾਲ ਅਪ੍ਰੀਲੀਆ ਸ਼ਹਿਰ ਵਿੱਚ ਨਵਾ ਸਬ ਦਫ਼ਤਰ ਖੋਲ੍ਹਿਆ ਜਾਵੇਗਾ ਤਾਂ ਜੋ ਇਮੀਗ੍ਰੇਸ਼ਨ (ਵਰਕਰ ਪਰਮਿਟ) ਦੇ ਕੰਮ ਜਲਦੀ ਹੋ ਸਕਣ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana