ਦੁਨੀਆਂ ਵਿੱਚ ਖੂਨਦਾਨੀਆਂ ਲਈ ਇਟਲੀ 7ਵੇਂ ਸਥਾਨ ''ਤੇ

06/13/2019 8:42:32 PM

ਰੋਮ/ਇਟਲੀ (ਕੈਂਥ)-ਵਿਗਿਆਨ ਨੇ ਬੇਸ਼ੱਕ ਆਸਮਾਨ ਨੂੰ ਛੂਹ ਲਿਆ ਹੈ ਪਰ ਹੁਣ ਤੱਕ ਮਨੁੱਖ ਦੀਆਂ ਨਸਾਂ ਵਿੱਚ ਜਿੰਦਗੀ ਬਣਕੇ ਦੌੜਨ ਵਾਲੇ ਖੂਨ ਦਾ ਕੋਈ ਬਦਲ ਨਹੀਂ ਲੱਭ ਸਕੀ। ਅੱਜ ਵੀ ਖੂਨ ਦੀ ਲੋੜ ਪੈਣ 'ਤੇ ਇੱਕ ਇਨਸਾਨ ਦਾ ਖੂਨ ਕੱਢਕੇ ਹੀ ਦੂਜੇ ਇਨਸਾਨ ਨੂੰ ਚੜਾਇਆ ਜਾਂਦਾ ਹੈ, ਜਿਸ ਨਾਲ ਕਿ ਖੂਨ ਦੀ ਘਾਟ ਕਾਰਨ ਮਰ ਰਹੇ ਮਰੀਜ਼ ਨੂੰ ਬਚਾਇਆ ਜਾਂਦਾ ਹੈ। ਖੂਨ ਦੀ ਘਾਟ ਵਾਲੇ ਇਨਸਾਨ ਲਈ ਖੂਨਦਾਨ ਕਰਨਾ ਪੂਰੀ ਦੁਨੀਆ 'ਚ ਸਭ ਤੋਂ ਉਤਮ ਦਾਨ ਮੰਨਿਆ ਜਾਂਦਾ ਹੈ ਤੇ ਇਸ ਮਹਾਨ ਕਾਰਜ ਲਈ ਦੁਨੀਆਂ ਭਰ ਦੇ 18 ਤੋਂ 70 ਸਾਲ ਤੱਕ ਦੇ ਇਨਸਾਨ ਇਹ ਸੇਵਾ ਨਿਭਾਅ ਰਹੇ ਹਨ। 14 ਜੂਨ 2004 ਤੋਂ ਦੁਨੀਆਂ ਭਰ 'ਚ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਹੁਣ ਤੱਕ ਪੂਰੀ ਦੁਨੀਆ 'ਚ ਤਕਰੀਬਨ 117.4 ਮਿਲੀਅਨ ਖੂਨਦਾਨੀ ਇਸ ਸੇਵਾ ਨੂੰ ਨੇਪਰੇ ਚਾੜ੍ਹ ਰਹੇ ਹਨ। ਵਿਸ਼ਵ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਵਿਸ਼ਵ ਭਰ 'ਚ ਸਿਰਫ਼ 10 ਦੇਸ਼ ਅਜਿਹੇ ਹਨ, ਜਿੱਥੇ ਕਿ ਖੂਨਦਾਨ ਕਰਨ ਦੀ ਦਰ 65% ਹੈ। ਇਸ ਸਰਵੇਖਣ 'ਚ ਦੁਨੀਆ 'ਚ ਖੂਨਦਾਨ ਲਈ ਇਟਲੀ 7ਵਾਂ ਦੇਸ਼ ਹੈ, ਜਦੋਂ ਕਿ ਯੂਰਪ 'ਚੋਂ ਤੀਸਰਾ ਦੇਸ਼ ਹੈ ਇਟਲੀ ਵਾਸੀ ਵੀ ਖੂਨਦਾਨ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ।

ਜੇਕਰ ਗੱਲ ਯੂਰਪ ਦੀ ਕੀਤੀ ਜਾਵੇ ਤਾਂ ਯੂਰਪ ਭਰ ਵਿੱਚ 15 ਮਿਲੀਅਨ ਖੂਨਦਾਨੀ 1400 ਖੂਨਦਾਨ ਸੈਂਟਰਾਂ ਦੁਆਰਾ ਇਹ ਮਹਾਨ ਕਾਰਜ ਕਰ ਰਹੇ ਹਨ। ਸਾਰੇ ਯੂਰਪ 'ਚੋਂ ਕਰੀਬ 20 ਮਿਲੀਅਨ ਯੂਨਿਟ ਖੂਨ ਇਕੱਠਾ ਹੋ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖੂਨ ਦੀ ਲਾਗਤ 25 ਮਿਲੀਅਨ ਯੂਨਿਟ ਹੈ। ਇਟਲੀ ਵਿੱਚ 1.7 ਮਿਲੀਅਨ ਖੂਨਦਾਨੀ ਹਨ ਜਿਹੜੇ ਕਿ ਲਗਾਤਾਰ ਖੂਨਦਾਨ ਕਰਕੇ ਕਈ ਲੋੜਵੰਦ ਮਰੀਜ਼ਾਂ ਨੂੰ ਜੀਵਨ ਦਾਨ ਦੇ ਰਹੇ ਹਨ। ਵਿਸ਼ਵ ਖੂਨਦਾਨ ਦਿਵਸ ਦੇ ਮੱਦੇਨਜ਼ਰ ਇਟਲੀ ਦੇ ਸਿਹਤ ਮੰਤਰਾਲੇ ਨੇ ਵੀ ਦੇਸ਼ ਵਾਸੀਆਂ ਨੂੰ ਖੂਨਦਾਨ ਕਰਨ ਅਤੇ ਇਸ ਮਹਾਨ ਕਾਰਜ ਨੂੰ ਪ੍ਰਫੁਲੱਤ ਕਰਨ ਦੀ ਅਪੀਲ ਕੀਤੀ ਹੈ। ਇਟਲੀ ਦੇ ਸਿਹਤ ਮੰਤਰੀ ਜੂਲੀਆ ਗਰੀਲੋ ਨੇ ਕਿਹਾ ਹੈ ਕਿ ਅਜਿਹੀ ਪ੍ਰਣਾਲੀ ਜਿਸ ਨੂੰ ਵਿਸ਼ਵ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਇੱਕ ਮਾਡਲ ਵਜੋਂ ਮੰਨਿਆ ਗਿਆ ਹੈ ਅਤੇ 2020 ਦੇ ਵਿਸ਼ਵ ਖੂਨਦਾਨ ਦਿਵਸ ਲਈ ਤਿਆਰ ਕੀਤਾ ਜਾ ਰਿਹਾ ਹੈ ਪਰ ਇਟਲੀ 'ਚ ਖੂਨਦਾਨੀ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੈ। ਉਨ੍ਹਾਂ ਦੀ ਗਿਣਤੀ ਵਿੱਚ ਸਾਲ 2013 ਤੋਂ ਗਿਰਾਵਟ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਟਲੀ 'ਚ ਖੂਨਦਾਨੀਆਂ ਵਜੋਂ ਭਾਰਤੀ ਲੋਕ ਵੀ ਅੱਗੇ ਆ ਰਹੇ ਹਨ ਪਰ ਹਾਲੇ ਇਹ ਅੰਕੜਾ ਬਹੁਤ ਘੱਟ ਹੈ। ਇਸ ਕਾਰਜ ਲਈ ਇਟਲੀ ਦੀਆਂ ਭਾਰਤੀ ਧਾਰਮਿਕ, ਸਮਾਜ ਸੇਵੀ, ਸੱਭਿਆਚਰਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਵੀ ਮੋਹਰੇ ਆਉਣਾ ਚਾਹੀਦਾ ਹੈ।


Sunny Mehra

Content Editor

Related News