ਇਟਲੀ 'ਚ ਭਾਰਤੀ ਖੇਤ ਮਜ਼ਦੂਰਾਂ ਨੂੰ ਡਰਾਉਣ ਦਾ ਮਾਮਲਾ ਆਇਆ ਸਾਹਮਣੇ

10/13/2019 8:16:57 AM

ਰੋਮ/ਇਟਲੀ (ਕੈਂਥ)— ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਪ੍ਰੀਵੈਰਨੋ ਫੋਸਾਨੋਵਾ ਵਿਖੇ ਇੱਕ ਡੇਅਰੀ ਫਾਰਮ ਦੇ ਇਟਾਲੀਅਨ ਮਾਲਕ ਦੇ ਭਾਰਤੀ ਕਾਮੇ ਵੱਲੋਂ ਤਨਖਾਹ ਮੰਗਣ 'ਤੇ ਕੀਤੀ ਧੱਕੇਸ਼ਾਹੀ ਵਾਲਾ ਮਾਮਲਾ ਹਾਲੇ ਪੂਰੀ ਤਰ੍ਹਾਂ ਨਜਿੱਠਿਆ ਨਹੀਂ ਗਿਆ ਸੀ ਕਿ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਇੱਕ ਹੋਰ ਇਟਾਲੀਅਨ ਮਾਲਕ ਨੇ ਭਾਰਤੀ ਖੇਤ ਮਜ਼ਦੂਰਾਂ ਵੱਲੋਂ ਤਨਖਾਹ ਮੰਗਣ 'ਤੇ ਆਪਣੀ ਬੰਦੂਕ ਨਾਲ ਗੋਲੀਆਂ ਚਲਾ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਕ ਜ਼ਿਲਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਇਲਾਕੇ ਵਿੱਚ ਇੱਕ 35 ਸਾਲਾ ਇਟਾਲੀਅਨ ਮਾਲਕ ਅਲਸਾਂਦਰੋ ਗਰਜੂਲੋ ਆਪਣੇ ਭਾਰਤੀ ਮਜ਼ਦੂਰਾਂ ਤੋਂ ਧੱਕੇਸ਼ਾਹੀ ਨਾਲ ਕੰਮ ਹੀ ਨਹੀਂ ਕਰਵਾਉਂਦਾ ਸੀ ਸਗੋਂ ਉਹਨਾਂ ਨਾਲ ਅਣਮਨੁੱਖੀ ਵਿਵਹਾਰ ਵੀ ਕਰਦਾ ਸੀ ।

ਪੁਲਸ ਮੁਤਾਬਕ ਇਹ ਇਟਾਲੀਅਨ ਮਾਲਕ ਆਪਣੇ ਭਾਰਤੀ ਖੇਤ ਮਜਦੂਰਾਂ ਨੂੰ ਘਟੀਆ ਦਰਜ਼ੇ ਦੀ ਰਿਹਾਇਸ ਵਿੱਚ ਰੱਖਦਾ ਤੇ ਥਕਾਵਟ ਮਹਿਸੂਸ ਹੋਣ 'ਤੇ ਨਸ਼ਾ ਕਰਨ ਲਈ ਮਜਬੂਰ ਕਰਦਾ ਸੀ।ਇਹ ਭਾਰਤੀ ਮਜ਼ਦੂਰ ਜਿਹੜੇ ਕਿ ਸਾਰਾ ਦਿਨ ਇਸ ਇਟਾਲੀਅਨ ਮਾਲਕ ਦੇ ਖੇਤਾਂ ਵਿੱਚ ਹੱਡ ਭੰਨਵੀਂ ਮਿਹਨਤ ਕਰਦੇ ਸਨ ਪਰ ਮਾਲਕ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਪੂਰਾ ਨਹੀਂ ਸੀ ਦਿੰਦਾ ਭਾਵ ਕਾਮਿਆਂ ਨੂੰ ਮੌਜੂਦਾ ਕਾਨੂੰਨ ਨਾਲੋਂ ਵੱਖਰੀਆਂ ਤਨਖਾਹਾਂ ਦਿੰਦਾ ਸੀ। ਜਦੋਂ ਭਾਰਤੀ ਕਾਮੇ ਤਨਖਾਹ ਵਧਾਉਣ ਸੰਬਧੀ ਕਹਿੰਦੇ ਤਾਂ ਇਹ ਮਾਲਕ ਹੋਰ ਇਟਾਲੀਅਨ ਮਾਲਕਾਂ ਵਾਂਗ ਹੀ ਭਾਰਤੀ ਕਾਮਿਆਂ ਨੂੰ ਡਰਾਉਂਦਾ ਤੇ ਧਮਕਾਉਂਦਾ ਸੀ।

ਪੁਲਸ ਕੋਈ ਆਈ 5 ਭਾਰਤੀ ਕਾਮਿਆਂ ਦੀ ਸ਼ਿਕਾਇਤ ਮੁਤਾਬਕ ਇਸ ਇਟਾਲੀਅਨ ਮਾਲਕ ਤੋਂ ਬੀਤੇ ਦਿਨ ਜਦੋਂ ਭਾਰਤੀ ਕਾਮਿਆਂ ਨੇ ਤਨਖਾਹ ਮੰਗੀ ਤਾਂ ਇਸ ਮਾਲਕ ਨੇ ਗੁੱਸੇ ਵਿੱਚ ਆ ਭਾਰਤੀ ਕਾਮਿਆਂ ਨੂੰ ਡਰਾਉਣ ਲਈ ਆਪਣੀ ਬੰਦੂਕ ਨਾਲ ਕਈ ਗੋਲੀਆਂ ਚਲਾ ਦਿੱਤੀਆਂ ਪਰ ਇਹਨਾਂ ਗੋਲੀਆਂ ਨਾਲ ਕਿਸੇ ਵੀ ਭਾਰਤੀ ਕਾਮੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਟਾਲੀਅਨ ਮਾਲਿਕ ਦੀ ਇਸ ਡਰਾਉਣੀ ਕਾਰਵਾਈ ਕਾਰਨ ਭਾਰਤੀ ਕਾਮੇ ਪਹਿਲਾਂ ਤਾਂ ਕਾਫ਼ੀ ਸਹਿਮ ਗਏ ਸਨ ਪਰ ਫਿਰ ਹੌਂਸਲਾ ਕਰ ਇਹਨਾਂ ਨੇ ਸਥਾਨਕ ਪੁਲਸ ਪ੍ਰਸ਼ਾਸ਼ਨ ਕੋਲ ਆਪਣੇ ਨਾਲ ਹੁੰਦੀ ਆ ਰਹੀ ਮਾਲਿਕ ਦੀ ਧੱਕੇਸ਼ਾਹੀ ਅਤੇ ਤਸ਼ੱਦਦ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ।

ਪੁਲਸ ਨੇ ਇਹਨਾਂ 5 ਭਾਰਤੀ ਕਾਮਿਆਂ ਦੀ ਸ਼ਿਕਾਇਤ 'ਤੇ 35 ਸਾਲਾ ਇਟਾਲੀਅਨ ਮਾਲਕ ਅਲਸਾਂਦਰੋ ਗਰਜੂਲੋ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋ ਮਜ਼ਦੂਰਾਂ ਨੂੰ ਧਮਕਾਉਣ ਵਾਲੇ ਹੱਥਿਆਰ ਵੀ ਬਰਾਮਦ ਕਰ ਕੇ ਖੇਤ ਮਜ਼ਦੂਰਾਂ ਦਾ ਸੋਸ਼ਣ ਕਰਨ ਦੇ ਕੇਸ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।ਜ਼ਿਕਰਯੋਗ ਹੈ ਕਿ ਪੂਰੀ ਇਟਲੀ ਅਜਿਹੇ ਇਟਾਲੀਅਨ ਮਾਲਿਕ ਵੱਲੋਂ ਭਾਰਤੀ ਮਜ਼ਦੂਰਾਂ ਦੇ ਕੀਤੇ ਜਾਂਦੇ ਸੋਸ਼ਣ ਅਤੇ ਅਣ-ਮਨੁੱਖੀ ਵਿਵਹਾਰ ਵਰਗੀਆਂ ਘਟਨਾਵਾਂ ਨਾਲ ਭਰੀ ਪਈ ਹੈ ਪਰ ਬਹੁਤ ਘੱਟ ਅਜਿਹੇ ਭਾਰਤੀ ਨੌਜਵਾਨ ਹਨ ਜਿਹੜੇ ਕਿ ਆਪਣੇ ਹੱਕ ਲਈ ਲੜਨ ਦਾ ਹੌਂਸਲਾ ਜੁਟਾ ਪਾਉਂਦੇ ਹਨ।

Vandana

This news is Content Editor Vandana