ਇਟਲੀ ''ਚ ਪੰਜਾਬਣਾਂ ਵੱਲੋਂ ਕੀਤੀ ਗਿੱਧੇ ਦੀ ਪੇਸ਼ਕਾਰੀ ਨੇ ਕਰਾਈ ਬੱਲੇ-ਬੱਲੇ

10/09/2018 5:55:20 PM

ਇਟਲੀ (ਕੈਂਥ)— ਰੁਝੇਵਿਆਂ ਭਰੀ ਜ਼ਿੰਦਗੀ ਵਿਚ ਆਪਣੇ ਸ਼ੌਕ ਪੂਰੇ ਕਰਨ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਮਾਂ ਭਾਵੇਂ ਹੀ ਵਿਦੇਸ਼ਾਂ 'ਚ ਵੱਸਦੀਆਂ ਪੰਜਾਬਣਾਂ ਨੂੰ ਸੁਭਾਵਿਕ ਹੀ ਮਿਲਦਾ ਹੈ ਪਰ ਜਦੋਂ ਉਹ ਇਕੱਠੀਆ ਜੁੜ ਬੈਠਦੀਆਂ ਹਨ ਤਾਂ ਮੇਲੇ ਦੇ ਰੂਪ ਵਿਚ ਪੰਜਾਬੀ ਲੋਕ ਵਿਰਸੇ ਦੀਆਂ ਬਾਤਾ ਪਾ ਕੇ ਆਪਣੇ ਪੁਰਾਤਨ ਸੱਭਿਆਚਾਰ ਨੂੰ ਚਾਰ-ਚੰਨ ਲਗਾ ਦਿੰਦੀਆਂ ਹਨ। ਅਜਿਹਾ ਹੀ ਸੁਨੇਹਾ ਲੈ ਕੇ ਪਿੜ ਵਿਚ ਆ ਜੁੜੀਆਂ ਇਟਲੀ ਦੀਆ ਪੰਜਾਬਣਾਂ ਜਿਨ੍ਹਾਂ ਨੇ ਗਿੱਧਾ, ਭੰਗੜਾ, ਬੋਲੀਆਂ ਅਤੇ ਪੰਜਾਬੀ ਗੀਤਾਂ 'ਤੇ ਨੱਚ-ਨੱਚ ਕੇ ਧਰਤ ਹਿਲਾ ਦਿੱਤੀ। 

ਭਾਵੇਂ ਹੀ ਤੀਆਂ ਦਾ ਤਿਉਹਾਰ ਪੰਜਾਬਣਾਂ ਲਈ ਖਾਸ ਅਹਿਮੀਅਤ ਰੱਖਦਾ ਹੈ ਪਰ ਉੱਥੇ ਹੀ ਇਟਲੀ ਵਿਚ ਪੰਜਾਬੀ ਮੁਟਿਆਰਾਂ ਵੱਲੋਂ ਸੱਭਿਆਚਾਰ ਦੀ ਬਾਤ ਪਾਉਂਦਿਆਂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਇਟਲੀ ਦੇ ਪੂਲੀਆ ਸੂਬੇ ਦੇਫੌਜਾ ਜ਼ਿਲ੍ਹੇ ਵਿਖੇ ਪੇਸ਼ ਕੀਤਾ, ਜਿੱਥੇ ਪੰਜਾਬਣਾਂ ਕਮਲਜੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਰਾਜਨਦੀਪ ਕੌਰ, ਸੁਨੀਤਾ ਰਾਣੀ, ਰਣਜੀਤ ਕੌਰ, ਮਨਜੀਤ ਕੌਰ, ਮੀਨਾ ਭਾਟੀਆ ਵੱਲੋਂ ਸਿਰਫ ਔਰਤਾਂ ਲਈ ਹੀ ਇਕ ਅਜਿਹਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਵਿਚ ਰੰਗ-ਬਿਰੰਗੇ ਪੰਜਾਬੀ ਸੂਟਾਂ ਵਿਚ ਸੱਜ-ਧੱਜ ਕੇ ਆਈਆਂ ਪੰਜਾਬਣਾਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਪਾ ਕੇ ਬੱਲੇ-ਬੱਲੇ ਕਰਵਾਈ।  

ਇਸ ਪ੍ਰੋਗਰਾਮ ਵਿਚ ਫੁੱਲਕਾਰੀ, ਚਰਖਾ, ਪੱਖੀਆਂ, ਗਾਗਰਾ, ਛੱਜ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਸਨ। ਇਸ ਮੌਕੇ ਬੋਲਦਿਆਂ ਇਕ ਪੰਜਾਬਣ ਨੇ ਕਿਹਾ ਕਿ ਸਾਨੂੰ ਕਦੇ ਵੀ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ ਨਾਚ ਗਿੱਧੇ, ਭੰਗੜੇ ਤੋਂ ਦੂਰ ਨਹੀਂ ਹੋਣਾ ਚਾਹੀਦਾ ਸਗੋਂ ਇਟਲੀ ਭਰ ਵਿਚ ਹੁੰਦੇ ਬਹੁ-ਸੱਭਿਆਚਾਰ ਪ੍ਰੋਗਰਾਮਾਂ ਵਿਚ ਪੰਜਾਬ ਦੇ ਲੋਕ ਨਾਚਾਂ ਨੂੰ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦੇਸ਼ੀਆਂ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬੀ ਵਾਕਿਆ ਹੀ ਅਮੀਰ ਵਿਰਸੇ ਦੇ ਮਾਲਕ ਹਨ। ਅਖੀਰ ਵਿਚ ਇਸ ਪ੍ਰੋਗਰਾਮ ਵਿਚ ਪਹੁੰਚੇ ਦਰਸ਼ਕਾਂ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਪੰਜਾਬੀ ਖਾਣਿਆ ਦਾ ਵੀ ਖੂਬ ਆਨੰਦ ਮਾਣਿਆ।


Related News