ਤੀਆਂ ਦੇ ਤਿਉਹਾਰ ''ਚ ਇਟਲੀ ਦੀਆਂ ਪੰਜਾਬਣਾਂ ਨੇ ਪਾਇਆ ਜ਼ੋਰਾਂ ਦਾ ਗਿੱਧਾ

07/20/2019 9:57:21 AM

ਰੋਮ, (ਕੈਂਥ/ਚੀਨੀਆ)— ਬਰੇਸ਼ੀਆ ਦੇ ਨਜ਼ਦੀਕ ਬਿਨੋਲੋਮੈਲਾ ਮਹਾਰਾਜਾ ਰੈਸਟੋਰੈਂਟ ਵਿਖੇ ਪੰਜਾਬਣ ਬੀਬੀਆਂ-ਭੈਣਾਂ ਨੇ ਤੀਆਂ ਦਾ ਤਿਉਹਾਰ ਸੱਧਰਾਂ ਚਾਵਾਂ ਨਾਲ ਮਨਾਇਆ,  ਜਿਸ ਵਿਚ 200 ਦੇ ਕਰੀਬ ਪੰਜਾਬਣਾਂ ਨੇ ਸ਼ਿਰਕਤ ਕੀਤੀ, ਮਹਾਰਾਜਾ ਰੈਸਟੋਰੈਂਟ ਵਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਚ ਬਰੇਸ਼ੀਆ, ਕਰੇਮੋਨਾ ਦੇ ਨੇੜਲੇ ਪਿੰਡਾਂ ਵਿਚ ਰਹਿਣ ਵਾਲੇ ਪੰਜਾਬੀ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹੋਈਆਂ। ਇਸ ਸੰਬੰਧੀ ਮਹਾਰਾਜ ਰੈਸਟੋਰੈਂਟ ਦੇ ਮਾਲਕ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਇਸ ਮੇਲੇ ਵਿਚ ਇਲਾਕੇ ਦੀਆਂ ਪੰਜਾਬਣਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਤੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।

ਇਟਲੀ ਦੀਆਂ ਪੰਜਾਬਣਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣਾ ਪੰਜਾਬ ਬਹੁਤ ਹੀ ਯਾਦ ਆ ਰਿਹਾ ਹੈ। ਰੈਸਟੋਰੈਂਟ ਵਿਚ ਲੱਗੇ ਡੀ. ਜੇ. ਸਾਊਂਡ ਤੋਂ ਇਲਾਵਾ ਢੋਲੀ ਦੀ ਕਲਾ ਵੀ ਦੇਖਣਯੋਗ ਸੀ। ਪ੍ਰੋਗਰਾਮ 'ਚ ਬੀਬੀਆਂ ਨੇ ਬੋਲੀਆਂ ਪਾਈਆਂ, ਜਾਗੋ ਕੱਢੀ ਅਤੇ ਫਿਰ ਡੀ. ਜੇ. ਅਤੇ ਵੱਖ-ਵੱਖ ਗਾਣਿਆਂ 'ਤੇ ਵਿਸ਼ੇਸ਼ ਤਿਆਰ ਕੀਤੀਆਂ ਆਇਟਮਾਂ ਵੀ ਪੇਸ਼ ਕੀਤੀਆਂ। ਪੰਜਾਬਣਾਂ ਨੇ ਦੱਸਿਆ ਕਿ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਰਸੇ 'ਤੇ ਮਾਣ ਹੈ ਤੇ ਇਟਲੀ 'ਚ ਆ ਕੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਜਿਹੇ ਹੋਰ ਪ੍ਰੋਗਰਾਮ ਵੀ ਕਰਵਾਏ ਜਾਣ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਵੀ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹੋਏ ਮਨੋਰੰਜਨ ਕਰ ਸਕੀਏ।