ਇਟਲੀ: ਭਾਰਤੀ ਲੋਕਾਂ ਨੂੰ ਦਵਾਈ ਦੀ ਥਾਂ ਨਸ਼ੇ ਲਿਖ ਕੇ ਦੇਣ ਵਾਲੇ ਡਾਕਟਰ ਨੂੰ ਜੇਲ੍ਹ

06/12/2021 10:43:08 PM

ਰੋਮ(ਦਲਵੀਰ ਕੈਂਥ)- ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਵਿਖੇ ਇਕ ਇਟਾਲੀਅਨ ਡਾਕਟਰ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਡਾਕਟਰ 'ਤੇ ਕਥਿਤ ਦੋਸ਼ ਲੱਗੇ ਹਨ ਕਿ ਉਹ ਆਪਣੇ ਭਾਰਤੀ ਮਰੀਜ਼ਾਂ ਨੂੰ ਬਿਮਾਰ ਹੋਣ ਦੀ ਸੂਰਤ ਵਿਚ ਨਸ਼ੇ ਦੀਆਂ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦੇ ਰਿਹਾ ਸੀ, ਜਿਹੜੇ ਜ਼ਿਆਦਾਤਰ ਖੇਤੀ-ਬਾੜੀ ਦਾ ਕੰਮ ਕਰਦੇ ਸਨ। ਡਾਕਟਰ ਦੀ ਇਸ ਅਣਗਿਹਲੀ ਨਾਲ ਸਰਕਾਰ ਨੂੰ ਹਜ਼ਾਰਾ ਯੂਰੋ ਦਾ ਘਾਟਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਬਾਊਦੀਆ ਵਿਖੇ ਇਕ ਇਟਾਲੀਅਨ ਡਾਕਟਰ ਪਿਛਲੇ ਦੋ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਸ਼ਹਿਰ ਵਿਚ ਲੋਕਾਂ ਨੂੰ ਸਰਕਾਰੀ ਤੌਰ 'ਤੇ  ਸਿਹਤ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਸੀ। ਇਸ ਡਾਕਟਰ ਕੋਲ ਜ਼ਿਆਦਾ ਮਰੀਜ਼ ਭਾਰਤੀ ਅਤੇ ਹੋਰ ਵਿਦੇਸ਼ੀ ਸਨ। ਖਾਸਕਰ ਪੰਜਾਬੀ ਲੋਕਾਂ ਨੇ ਤਾਂ ਡਾਕਟਰ ਨੂੰ ਪੰਜਾਬੀ ਵੀ ਬੋਲਣ ਲਗਾ ਦਿੱਤਾ ਸੀ ਅਤੇ ਕਲੀਨਕ ਦੇ ਨੋਟਿਸ ਬੋਰਡ ਉਪਰ ਮਰੀਜ਼ਾਂ ਸਬੰਧੀ ਆਮ ਜਾਣਕਾਰੀ ਵੀ ਪੰਜਾਬੀ ਵਿਚ ਹੀ ਲੱਗੀ ਹੁੰਦੀ ਸੀ।

ਪੰਜਾਬੀ ਬੋਲਣ ਕਾਰਨ ਪੰਜਾਬੀ ਇਸ ਡਾਕਟਰ ਦੇ ਮੁਰੀਦ ਸਨ ਅਤੇ ਸ਼ਹਿਰ ਦਾ ਬਹੁ ਗਿਣਤੀ ਭਾਰਤੀ ਭਾਈਚਾਰਾ ਇਸ ਡਾਕਟਰ ਕੋਲ ਹੀ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਇਕ ਵਿਸ਼ੇਸ਼ ਜਾਂਚ ਦੌਰਾਨ ਪੁਲਸ ਪ੍ਰਸ਼ਾਸਨ ਨੂੰ ਇਸ ਡਾਕਟਰ ਦੇ ਕੰਮ ਵਿਚ ਕਾਫ਼ੀ ਕੁਝ ਗ਼ੈਰ ਕਾਨੂੰਨੀ ਮਿਲਿਆ ਹੈ। ਪੁਲਸ ਅਨੁਸਾਰ ਇਹ ਡਾਕਟਰ ਭਾਰਤੀ ਮਰੀਜ਼ਾਂ ਨੂੰ ਬਿਨਾਂ ਲੋੜ ਨਸ਼ੇ ਦੀਆਂ ਮਹਿੰਗੇ ਭਾਅ ਵਾਲ਼ੀਆਂ ਦਵਾਈਆਂ ਲਿਖ ਕੇ ਦਿੰਦਾ ਸੀ ਉਹ ਵੀ ਲਾਲ ਪਰਚੀ ਉਪਰ ਜਿਸ ਨਾਲ ਇਹ ਦਵਾਈ ਮਰੀਜ਼ ਨੂੰ ਮੁਫਤ ਮਿਲਦੀ ਸੀ। ਪੜਤਾਲ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਡਾਕਟਰ ਨੇ ਨੈਸ਼ਨਲ ਹੈਲਥ ਸਰਵਿਸ ਦੀਆਂ ਦਵਾਈਆਂ ਜਿਹੜੀਆਂ ਕਿ ਗੰਭੀਰ ਬਿਮਾਰੀ ਦੌਰਾਨ ਮਰੀਜ ਨੂੰ ਦਿੱਤੀਆਂ ਜਾਂਦੀਆਂ ਹਨ ਇਹ ਬਿਨਾਂ ਬਿਮਾਰੀ ਭਾਰਤੀ ਮਰੀਜ ਨੂੰ ਲਿਖ ਦਿੰਦਾ ਸੀ। ਡਾਕਟਰ ਦੇ ਅਜਿਹਾ ਕਰਨ ਪਿੱਛੇ ਕੀ ਮਨਸੂਬਾ ਰਿਹਾ ਇਹ ਹਾਲੇ ਜਾਂਚ ਅਧੀਨ ਹੈ ਪਰ ਇਸ ਕਾਰਨ ਨੈਸ਼ਨਲ ਹੈਲਸ ਸਰਵਿਸ ਨੂੰ 24 ਹਜ਼ਾਰ ਯੂਰੋ ਤੋਂ ਵੱਧ ਨੁਕਸਾਨ ਹੋਇਆ ਹੈ।


ਡਾਕਟਰ ਉਪੱਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਤਸ਼ਾਹਤ ਕਰਨ, ਝੂਠੇ ਮੈਡੀਕਲ ਸਰਟੀਫਿਕੇਟ ਬਣਾਉਣ ,ਆਪਣੇ ਪੇਸ਼ੇ ਨਾਲ ਇਮਾਨਦਾਰੀ ਨਾ ਕਰਨ ਆਦਿ ਇਲਜ਼ਾਮ ਹਨ। ਪੁਲਸ ਨੇ ਡਾਕਟਰ ਤੋਂ ਇਲਾਵਾ ਉਸ ਦਵਾਈਆਂ ਦੀ ਦੁਕਾਨ ਉਪਰ ਵੀ ਕਾਰਵਾਈ ਕੀਤੀ ਹੈ ਜਿਹੜੇ ਮਰੀਜ਼ਾਂ ਨੂੰ ਦਵਾਈ ਦਿੰਦੀ ਸੀ। ਪੁਲਸ ਨੇ ਬਣਦੀ ਕਾਰਵਾਈ ਤੋਂ ਬਾਅਦ ਡਾਕਟਰ ਨੂੰ ਜੇਲ ਭੇਜ ਦਿੱਤਾ ਹੈ।
ਇਸ ਕੇਸ ਵਿਚ ਇਹ ਚਰਚਾ ਵੀ ਜ਼ੋਰਾਂ ਤੇ ਹੈ ਕਿ ਕੁਝ ਨਸ਼ੇੜੀ  ਲੋਕ ਜਾਣ-ਬੁੱਝ ਕੇ ਡਾਕਟਰ ਤੋਂ ਨਸ਼ੇ ਵਾਲੀ ਦਵਾਈ ਲਿਖਵਾ ਲੈਂਦੇ ਸਨ ਅਤੇ ਉਸ ਦੇ ਬਦਲੇ ਡਾਕਟਰ ਨੂੰ ਸਬਜ਼ੀਆਂ ਜਾਂ ਹੋਰ ਸਮਾਨ ਤੋਹਫ਼ੇ ਵਜੋ ਦਿੰਦੇ ਸਨ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਇਹ ਲੋਕ ਆਪਣੇ ਦੋਸਤਾਂ ਮਿੱਤਰਾਂ ਦੇ ਡਾਕਟਰੀ ਕਾਰਡ ਇੱਕਠੇ ਕਰਕੇ ਲਿਆਉਂਦੇ ਸਨ ਅਤੇ ਡਾਕਟਰ ਤੋਂ ਨਸ਼ੇ ਦੀ ਦਵਾਈ ਦੇ ਡੱਬੇ ਲਿਖਵਾ ਲੈਂਦੇ ਸਨ ਪਰ ਸ਼ਾਇਦ ਡਾਕਟਰ ਨੇ ਇਸ ਕਾਰਵਾਈ ਨੂੰ ਸਧਾਰਨ ਸਮਝਦੇ ਹੋਏ ਹੀ ਇਹ ਕੁਤਾਹੀ ਕਰ ਦਿੱਤੀ ਜਿਸ ਦਾ ਖ਼ਮਿਆਜ਼ਾ ਹੁਣ ਉਸ ਨੂੰ ਜੇਲ ਵਿਚ ਬੈਠਕੇ ਭੁਗਤਣਾ ਪੈ ਰਿਹਾ ਹੈ ਪਰ ਹਕੀਕਤ ਕੀ ਹੈ ਇਸ ਬਾਰੇ ਠੋਸ ਰੂਪ ਵਿੱਚ ਕਿਹਾ ਤਾਂ ਨਹੀ ਜਾ ਸਕਦਾ ਪਰ ਇਹ ਕਿਆਫ਼ੇ ਲੱਗ ਰਹੇ ਹਨ ਕਿ ਡਾਕਟਰ ਨੂੰ ਲੋਕਾਂ ਉਪਰ ਯਕੀਨ ਕਰਨ ਦੀ ਸਜ਼ਾ ਮਿਲੀ ਹੈ ਕਿਉਂਕਿ ਕਿਸੇ ਭਾਰਤੀ ਨੇ ਹੀ ਡਾਕਟਰ ਦੇ ਇਸ ਕਾਰਨਾਮੇ ਦੀ ਪੁਲਸ ਨੂੰ ਦੱਸ ਪਾਈ ਹੈ।

Sanjeev

This news is Content Editor Sanjeev