ਇਟਲੀ ਸਰਕਾਰ ਖੇਤੀ ਦੇ ਗੈਰ-ਕਾਨੂੰਨੀ ਕਾਮਿਆਂ 'ਤੇ ਹੋ ਸਕਦੀ ਹੈ ਮਿਹਰਬਾਨ

04/22/2020 2:24:40 PM

ਰੋਮ, (ਕੈਂਥ)- ਇਟਲੀ ਵਿਚ ਕੋਰੋਨਾ ਸੰਕਟ ਨੇ ਜਿਸ ਤਰ੍ਹਾਂ ਤਬਾਹੀ ਨੂੰ ਅੰਜਾਮ ਦਿੱਤਾ ਉਸ ਨਾਲ ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ ।ਦੇਸ਼ ਵਿੱਚ ਲਾਕਡਾਊਨ ਨਾਲ ਕੰਮ-ਕਾਰ ਠੱਪ ਹੈ ਤੇ ਵਿਦੇਸ਼ੀ ਗੈਰ-ਕਾਨੂੰਨੀ ਕਾਮੇ ਪੇਪਰ ਨਾ ਹੋਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਖੇਤੀ ਨਾਲ ਸੰਬਧਤ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਹੇ ਹਨ ਕਿਉਂਕਿ ਕਿਸਾਨਾਂ ਦੀ ਖੇਤਾਂ ਵਿਚ ਖੜ੍ਹੀ ਫਸਲ ਨੂੰ ਹਰ ਰੋਜ਼ ਕਾਮਿਆਂ ਦੀ ਲੋੜ ਹੈ । ਇਸ ਫਸਲ ਨਾਲ ਹੀ ਇਟਲੀ ਵਾਸਿਆਂ ਦਾ ਢਿੱਡ ਭਰ ਰਿਹਾ ਹੈ । ਸਰਕਾਰ ਲਈ ਖੇਤੀ ਦਾ ਕੰਮ ਬੰਦ ਕਰਨਾ ਬਹੁਤ ਔਖਾ ਹੈ ਪਰ ਕੋਰੋਨਾ ਸੰਕਟ ਕਾਰਨ ਖੇਤੀ ਦਾ ਕੰਮ ਕਰਨ ਲਈ ਕਾਮੇ ਨਹੀਂ ਮਿਲ ਰਹੇ ।

ਖੇਤਾਂ ਵਿਚ ਖੜ੍ਹੀ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਕਿਨਾਰੇ ਹੈ ਤੇ ਜਿਹੜੇ 3,50,000 ਦੇ ਕਰੀਬ ਵਿਦੇਸ਼ੀ ਕਾਮੇ ਆਪਣੇ ਪਰਿਵਾਰਾਂ ਨੂੰ ਮਿਲਣ ਇਟਲੀ ਤੋਂ ਬਾਹਰ ਗਏ ਸਨ, ਉਹ ਵਾਪਸ ਇਟਲੀ ਨਹੀਂ ਆ ਸਕੇ, ਜਿਸ ਕਾਰਨ ਇਟਲੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਅਜਿਹੀ ਹਾਲਤ ਵਿਚ ਸਰਕਾਰ ਉਨ੍ਹਾਂ ਗ਼ੈਰ-ਕਾਨੂੰਨੀ ਖੇਤੀ ਕਾਮਿਆਂ ਨੂੰ ਇਟਲੀ ਦੇ ਪੇਪਰ ਦੇ ਸਕਦੀ ਹੈ, ਜਿਹੜੇ ਹੁਣ ਕੋਰੋਨਾ ਸੰਕਟ ਕਾਰਨ ਪੇਪਰ ਨਾ ਹੋਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਇਮੀਗ੍ਰੇਸ਼ਨ ਮਾਹਰ ਹੋਣ ਦੇ ਨਾਲ-ਨਾਲ ਇੱਕ ਅਜਿਹੀ ਸਖ਼ਸੀਅਤ ਹੈ ਜਿਹੜੀ ਕਿ ਪ੍ਰਵਾਸੀਆਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ। ਸ਼ਾਇਦ ਇਸ ਲਈ ਹੀ ਮੈਡਮ ਲੁਚਾਨਾ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਹੈ ਕਿ ਉਹ ਕੋਰੋਨਾ ਸੰਕਟ ਨਾਲ ਨਜਿੱਠਣ ਹੋਣ ਤੋਂ ਬਾਅਦ ਇਟਲੀ ਵਿੱਚ ਲੱਖਾਂ ਅਨਿਯਮਿਤ ਤੌਰ 'ਤੇ ਕੰਮ ਕਰ ਰਹੇ ਖੇਤੀ-ਕਾਮਿਆਂ ਜਾਂ ਮੱਛੀ ਪਾਲਣ ਖੇਤਰ ਨਾਲ ਸਬੰਧਤ ਕਾਮਿਆਂ ਦਾ ਕੋਈ ਸਾਰਥਕ ਹੱਲ ਕਰਨਗੇ । ਹਾਲਾਂਕਿ ਉਨ੍ਹਾਂ ਆਪਣੀ ਇਮੀਗ੍ਰੇਸ਼ਨ ਸੰਬਧੀ ਨੀਤੀ ਨੂੰ ਗੱਲਾਂ ਵਿੱਚ ਲਪੇਟ ਕੇ ਹੀ ਕੀਤਾ ਪਰ ਇਟਲੀ ਦੇ ਕਾਨੂੰਨ ਮਾਹਿਰਾਂ ਅਨੁਸਾਰ ਇਟਲੀ ਸਰਕਾਰ ਇਟਲੀ ਦੇ ਗੈਰ-ਕਾਨੂੰਨੀ ਖੇਤੀਬਾੜੀ ਨਾਲ ਸੰਬਧਤ ਕਾਮਿਆਂ ਦਾ ਇੰਝ ਲੱਗਦਾ ਹੈ ਕਿ ਜ਼ਰੂਰ ਹੱਲ ਕਰਨ ਦੇ ਮਨਸੂਬੇ ਵਿੱਚ ਹੈ।

ਇਟਲੀ ਸਰਕਾਰ ਮੰਨਦੀ ਹੈ ਕਿ ਦੇਸ਼ ਅੰਦਰ ਅਜਿਹੇ ਲੋਕ ਵੀ ਰਹਿੰਦੇ ਹਨ ਜਿਹੜੇ ਕਿ ਟੈਕਸ ਚੋਰੀ ਕਰ ਰਹੇ ਹਨ ਦੂਜੇ ਅਜਿਹੇ ਲੋਕ ਵੀ ਹਨ ਜਿਹੜੇ ਕਿ ਖੇਤੀ ਦਾ ਗੈਰ-ਕਾਨੂੰਨੀ ਵਿਦੇਸ਼ੀਆਂ ਤੋਂ ਕੰਮ ਕਰਵਾ ਰਹੇ ਹਨ ਤੇ ਇਹਨਾਂ ਗੈਰ-ਕਾਨੂੰਨੀ ਵਿਦੇਸ਼ੀਆਂ ਕੋਲ ਪੇਪਰ ਨਾ ਹੋਣ ਕਾਰਨ ਸਰਕਾਰ ਨੂੰ ਲੱਖਾਂ ਯੂਰੋ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਦੇ ਕੁਝ ਮਹੀਨੇ ਹੀ ਰਹੇ ਗ੍ਰਹਿ ਮੰਤਰੀ ਸਲਵੀਨੀ ਨੇ ਆਪਣੀਆਂ ਹਿਟਲਰਸ਼ਾਹੀ ਨੀਤੀਆਂ ਨਾਲ ਦੇਸ਼ ਅੰਦਰ ਪ੍ਰਵਾਸ ਕੱਟ ਰਹੇ ਲੋਕਾਂ ਨੂੰ ਕਾਫ਼ੀ ਤੰਗ-ਪ੍ਰੇਸ਼ਾਨ ਕੀਤਾ ਸੀ। ਹੁਣ ਵੀ ਗ਼ੈਰ-ਕਾਨੂੰਨੀਆਂ ਲਈ ਪੇਪਰ ਦੇਣ ਦੀਆਂ ਸਰਕਾਰ ਦੀਆਂ ਨੀਤੀਆਂ ਦਾ ਡੱਟਵਾਂ ਵਿਰੋਧ ਕਰ ਰਿਹਾ ਹੈ ਪਰ ਮੌਜੂਦਾ ਗ੍ਰਹਿ ਮੰਤਰੀ ਲੁਚਾਨਾ ਸੰਜੀਦਗੀ ਨਾਲ ਗੈਰ-ਕਾਨੂੰਨੀ ਖੇਤੀ ਤੇ ਮੱਛੀ ਪਾਲਨ ਵਾਲੇ  ਧੰਦੇ ਨਾਲ ਸੰਬਧਤ ਕਾਮਿਆਂ ਨੂੰ ਪੇਪਰ ਦੇਣ ਵਾਲੀ ਨੀਤੀ ਉਪੱਰ ਵਿਚਾਰ ਕਰ ਰਹੀ ਹੈ ।ਅਜਿਹਾ ਵੀ ਹੋ ਸਕਦਾ ਕਿ ਸਰਕਾਰ ਕੋਰੋਨਾ ਸੰਕਟ ਕਾਰਨ ਦੇਸ਼ ਦੀ ਵੱਡੇ ਪੱਧਰ 'ਤੇ ਡਗਮਗਾ ਰਹੀ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਇਟਲੀ ਦੇ ਸਾਰੇ ਗ਼ੈਰ ਕਾਨੂੰਨੀਆਂ ਦੀ ਕੰਮਾਂ ਦੀ ਮੰਦਹਾਲੀ ਕਾਰਨ ਡੁੱਬ ਰਹੀ ਕਿਸ਼ਤੀ ਨੂੰ ਬੰਨੇ ਲਗਾ ਹੀ ਦੇਵੇ ਪਰ ਜਦੋਂ ਤੱਕ ਇਟਲੀ ਵਿੱਚ ਕੋਰੋਨਾ ਵਾਇਰਸ ਦਾ ਉਜਾੜਾ ਹੈ ਉਦੋਂ ਤੱਕ ਕੁਝ ਵੀ ਕਹਿਣਾ ਬਹੁਤ ਔਖਾ ਹੈ। ਫਿਰ ਵੀ ਇਟਲੀ ਦੇ ਠੱਗ ਏਜੰਟਾਂ ਨੇ ਆਪਣੇ ਕਬੂਤਰਾਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਹੀ ਦਿੱਤਾ ਹੈ, ਹੁਣ ਲੋੜ ਹੈ ਇਨ੍ਹਾਂ ਕਬੂਤਰਾਂ ਨੂੰ ਅੱਖਾਂ ਖੋਲ੍ਹਣ ਦੀ ਨਹੀਂ ਤਾਂ ਫੁੰਡੇ ਜਾਣਗੇ।


Lalita Mam

Content Editor

Related News