ਇਟਲੀ : ਜਾਗਰਣ ਕਲੱਬ ਬੈਰਗਾਮੋ ਤੇ ਪਿਚੈਂਸਾ ਦੇ ਗੁਰੂ ਘਰ ਨੇ ਦਾਨ ਕੀਤੀ ਵੱਡੀ ਰਾਸ਼ੀ

04/19/2020 5:07:57 PM

ਰੋਮ, (ਕੈਂਥ)- ਕੋਰੋਨਾ ਸੰਕਟ ਕਾਰਨ ਸਾਰਾ ਇਟਲੀ ਮੰਦਹਾਲੀ ਵਾਲੇ ਦੌਰ ਵਿੱਚੋਂ ਲੰਘ ਰਿਹਾ ਹੈ। ਲਾਸੀਓ ਸੂਬੇ ਦੇ ਵਿਸ਼ਵ ਵਿਦਿਆਲੇ ਤੁਸਸੀਆ (ਵਤੈਰਬੋ) ਵੱਲੋਂ ਕੀਤੇ ਸਰਵੇ ਅਨੁਸਾਰ ਇਸ ਸਮੇਂ ਦੇਸ਼ ਵਿੱਚ 21 ਮਿਲੀਅਨ ਲੋਕਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਪੈ ਰਿਹਾ ਹੈ ਜਦੋਂ ਕਿ ਇਨ੍ਹਾਂ ਵਿੱਚੋਂ ਅੱਧੇ ਲੋਕ ਪੂਰੀ ਤਰ੍ਹਾਂ ਬੇਰੁਜ਼ਗਾਰ ਹਨ। ਵਿਸ਼ਵ ਵਿਦਿਆਲੇ ਨੇ ਆਪਣੀ ਰਿਪੋਰਟ ਵਿਚ ਇਹ ਵੀ ਕਿਹਾ ਕਿ 7 ਮਿਲੀਅਨ ਲੋਕ ਸਿਰਫ਼ 500 ਯੂਰੋ ਦੀ ਮਾਸਿਕ ਆਮਦਨ ਨਾਲ ਗੁਜਾਰਾ ਕਰਨ ਲਈ ਮਜ਼ਬੂਰ ਹਨ।

ਦੂਜੇ ਪਾਸੇ, ਦੇਸ਼ ਵਿੱਚ ਕੋਵਿਡ-19 ਦੇ  ਨਾਲ 1,75,925 ਲੋਕ ਪ੍ਰਭਾਵਿਤ ਹਨ ਜਦੋਂ ਕਿ 23,227 ਲੋਕਾਂ ਨੂੰ ਕੋਰੋਨਾ ਮੌਤ ਦਾ ਦੈਂਤ ਬਣ ਨਿਗਲ ਚੁੱਕਾ ਹੈ। ਇਟਲੀ ਨੂੰ ਕੋਰੋਨਾ ਸੰਕਟ ਕਾਰਨ ਪੈ ਰਹੀ ਆਰਥਿਕ ਮੰਦਹਾਲੀ ਦੀ ਮਾਰ ਪੂਰੇ ਦੇਸ਼ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਹੀ ਹੈ। ਇਟਲੀ ਨੂੰ ਇਸ ਆਰਥਿਕ ਮੰਦਹਾਲੀ ਤੋਂ ਉਭਾਰਨ ਲਈ ਦੇਸ਼ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਯਤਨਸ਼ੀਲ ਹਨ ਤੇ ਵੱਧ ਤੋਂ ਵੱਧ ਇਟਲੀ ਨੂੰ ਆਰਥਿਕ ਸਹਾਇਤਾ ਮੁਹੱਇਆ ਕਰਵਾ ਰਹੀਆਂ ਹਨ। 

ਇਸ ਔਖੀ ਘੜੀ ਵਿਚ ਇਟਲੀ ਦੀਆਂ ਭਾਰਤੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਟਲੀ ਨੂੰ ਆਰਥਿਕ ਮਦਦ ਦੇਣ ਲਈ ਪਿੱਛੇ ਨਹੀਂ ਹਨ ।ਇਟਲੀ ਦੀਆਂ ਸਿੱਖ ਜੱਥੇਬੰਦੀਆਂ, ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਹਿੰਦੂ ਸਭਾਵਾਂ ਵੀ ਦੇਸ਼ ਦੀ ਆਰਥਿਕਤਾ ਨੂੰ ਮੋਢਾ ਲਾਉਣ ਲਈ ਬਰਾਬਰ ਮੈਦਾਨ ਵਿਚ ਹਨ।ਇਸ ਮਹਾਨ ਸੇਵਾ ਵਿਚ ਹੀ ਬੀਤੇ ਦਿਨ ਲਮਬਾਰਦੀਆ ਸੂਬੇ ਵਿਚ ਵਿੱਦਿਆ ਅਤੇ ਸੰਗੀਤ ਦੀ ਧਾਰਨੀ ਮਹਾਂਮਾਈ ਸਰਸਵਤੀ ਦਾ ਪਿਛਲੇ 12 ਸਾਲ ਤੋਂ ਜਾਗਰਣ ਕਰਵਾਉਣ ਵਾਲੀ ਬੈਰਗਾਮੋ ਦੇ ਭਾਰਤੀਆਂ ਦੀ ਸੰਸਥਾ 'ਜੈ ਮਾਂ ਸਰਸਵਤੀ ਜਾਗਰਣ ਕਲੱਬ ਬੈਰਗਾਮੋ' ਵੱਲੋਂ ਕੋਰੋਨਾ ਸੰਕਟ ਵਿਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਥਾਨਕ ਹਸਪਤਾਲ ਨੂੰ 2500 ਯੂਰੋ ਦੀ ਆਰਥਿਕ ਸਹਾਇਤਾ ਦਾਨ ਵਜੋਂ ਭੇਜੀ ।


ਇਸ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਧਾਰਨੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਟੈਂਪਲ ਪਾਰਮਾ-ਪਿਚੈਂਸਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ 2100 ਯੂਰੋ ਦੀ ਆਰਥਿਕ ਸਹਾਇਤਾ ਦਾਨ ਵਜੋਂ ਇਟਲੀ ਸਰਕਾਰ ਨੂੰ ਕੋਰੋਨਾ ਸੰਕਟ ਵਿੱਚ ਭੇਜੀ ਹੈ।ਇਸ ਮਹਾਨ ਸੇਵਾ ਵਿੱਚ ਯੋਗਦਾਨ ਪਾਉਣ ਮੌਕੇ ਜੈ ਮਾਂ ਸਰਸਵਤੀ ਜਾਗਰਣ ਕਲੱਬ ਬੈਰਗਾਮੋ ਦੇ ਪ੍ਰਧਾਨ ਸੇਵਾ ਰਾਮ ਅਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਸ਼੍ਰੀ ਗੁਰੂ ਰਵਿਦਾਸ ਜੀ ਟੈਂਪਲ ਪਾਰਮਾ-ਪਿਚੈਂਸਾ ਨੇ ਸਾਂਝੇ ਤੌਰ 'ਤੇ ਕਿਹਾ ਉਨ੍ਹਾਂ ਦੀ ਕਮੇਟੀ ਸਦਾ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਤੇ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।ਉਹਨਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਸਭ ਇਸ ਅਤਿ ਦੁਵਿਧਾ ਵਾਲੇ ਦੌਰ ਵਿੱਚ ਇਟਲੀ ਦਾ ਪੂਰਾ ਸਾਥ ਦੇਣ ਤਾਂ ਜੋ ਦੇਸ਼ ਦੀ ਲੜਖੜਾਉਂਦੀ ਆਰਥਿਕਤਾ ਨੂੰ ਸੰਭਾਲਿਆ ਜਾ ਸਕੇ।

Lalita Mam

This news is Content Editor Lalita Mam