ਇਟਲੀ 'ਚ 3 ਹਜ਼ਾਰ ਤੋਂ ਵੱਧ ਲੋਕ ਇਨਫੈਕਟਡ, 15 ਮਾਰਚ ਤਕ ਸਕੂਲ-ਕਾਲਜ ਬੰਦ

03/05/2020 9:47:01 AM

ਮਿਲਾਨ— ਵਿਸ਼ਵ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਤੇ ਚੀਨ ਤੋਂ ਬਾਅਦ ਇਟਲੀ 'ਚ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ।

 

ਇਟਲੀ 'ਚ ਹੁਣ ਤਕ 3000 ਤੋਂ ਵਧੇਰੇ ਲੋਕ ਇਨਫੈਕਟਡ ਹੋ ਚੁੱਕੇ ਹਨ। ਇਟਲੀ 'ਚ ਪਿਛਲੇ 24 ਘੰਟਿਆਂ 'ਚ 28 ਲੋਕਾਂ ਨੇ ਦਮ ਤੋੜਿਆ ਤੇ ਮੌਤਾਂ ਦੀ ਗਿਣਤੀ ਵੱਧ ਕੇ 107 ਹੋ ਗਈ ਹੈ। ਹੁਣ ਤਕ 3089 ਲੋਕਾਂ ਦੇ ਇਨਫੈਕਟਡ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ।

ਇਸ ਦੇ ਨਾਲ ਹੀ ਸਰਕਾਰ ਨੇ 15 ਮਾਰਚ ਤਕ ਲਈ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਗੁਇਸੇਪ ਕੋਂਤੇ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਵੱਡੇ ਖੇਡ ਸਮਾਗਮ ਤੇ ਮੈਚ ਬਿਨਾਂ ਦਰਸ਼ਕਾਂ ਦੇ ਹੀ ਖੇਡੇ ਜਾਣਗੇ। ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਲੋਕਾਂ ਨੂੰ ਇਨ੍ਹਾਂ ਮੈਚਾਂ ਨੂੰ ਦੇਖਣ ਲਈ ਇਕੱਠੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਟਲੀ 'ਚ ਸਭ ਤੋਂ ਵਧ ਪ੍ਰਭਾਵਿਤ ਖੇਤਰ ਲੋਂਬਾਰਡੀ, ਐਮਿਲਿਆ-ਰੋਮਾਗਨਾ, ਪਿਡਮੋਂਟ ਅਤੇ ਵੇਨੇਟੋ ਹਨ, ਜਿੱਥੇ ਪਹਿਲਾਂ ਹੀ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਤੋਂ ਕੈਨੇਡਾ ਗਈ ਬੀਬੀ 'ਚ ਕੋਰੋਨਾ ਵਾਇਰਸ, ਹਾਲਤ ਗੰਭੀਰ

ਇਟਲੀ 'ਚ ਜ਼ਿਆਦਾਤਰ ਮੌਤਾਂ ਲੋਂਬਾਰਡੀ ਦੇ ਉੱਤਰੀ ਖੇਤਰ  ਵਿਚ ਹੋਈਆਂ ਹਨ, ਜੋ ਕਿ ਇਟਲੀ 'ਚ ਇਸ ਪ੍ਰਕੋਪ ਦਾ ਕੇਂਦਰ ਹੈ। ਮਰਨ ਵਾਲਿਆਂ ਵਿਚੋਂ ਬਹੁਤੇ ਬਜ਼ੁਰਗ ਸਨ, ਕਈਆਂ ਦੀ ਉਮਰ 80 ਸਾਲ ਤੋਂ ਜ਼ਿਆਦਾ ਸੀ। ਯੂ. ਐੱਸ. ਏਅਰਲਾਈਨਾਂ ਦੀ ਮਿਲਾਨ ਲਈ ਉਡਾਣਾਂ 25 ਅਪ੍ਰੈਲ ਤੱਕ ਲਈ ਮੁਅੱਤਲ ਹਨ। ਮਿਲਾਨ ਇਟਲੀ ਦੇ ਲੋਂਬਾਰਡੀ 'ਚ ਹੈ। ਉੱਥੇ ਹੀ, ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੀਆ, ਈਰਾਨ ਅਤੇ ਇਟਲੀ ਦੀ ਗੈਰ-ਜ਼ਰੂਰੀ ਯਾਤਰਾ ਨਾ ਕਰਨ।