ਇਟਲੀ 'ਚ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼, ਸਾਢੇ 6 ਲੱਖ ਲੋਕਾਂ ਨੂੰ ਲੱਗ ਚੁੱਕੈ ਟੀਕਾ

02/03/2021 12:59:56 PM

ਰੋਮ, (ਕੈਂਥ)- ਸਾਲ 2019 ‘ਚ ਚੀਨ ਤੋਂ ਸ਼ੁਰੂ ਹੋਇਆ ਕੋਵਿਡ-19 ਪੂਰੀ ਦੁਨੀਆ ਲਈ ਇਸ ਸਮੇਂ ਵੱਡੀ ਮੁਸੀਬਤ ਬਣਿਆ ਹੋਇਆ ਹੈ, ਜਿਸ ਤੋਂ ਨਿਜਾਤ ਪਾਉਣ ਲਈ ਹਰ ਦੇਸ਼ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇਟਲੀ ਯੂਰਪ ਦਾ ਪਹਿਲਾ ਦੇਸ਼ ਸੀ, ਜਿੱਥੇ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ । ਅੱਜ ਵੀ ਆਏ ਦਿਨ ਇਟਲੀ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ । ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ ਪਰ ਇਸ ਦੇ ਬਾਵਜੂਦ ਵੀ ਆਏ ਦਿਨ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਟਲੀ ਵਿਚ ਵੀ 27 ਦਸੰਬਰ, 2020 ਨੂੰ ਪਹਿਲੇ ਗੇੜ ਵਿਚ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤੱਕ ਪਹਿਲੇ ਗੇੜ ਦੌਰਾਨ ਇਟਲੀ ਵਿਚ 20 ਲੱਖ ਅਤੇ ਦੂਜੇ ਗੇੜ ਵਿਚ 6 ਲੱਖ ਪੰਜਾਹ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਐਂਟੀ ਕੋਂਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਵੀ ਹੁਣ ਵੀ ਆਏ ਦਿਨ ਇਟਲੀ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਅਤੇ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੇਸ਼ੱਕ, ਇਸ ਸਾਲ ਪਹਿਲੀ ਵਾਰ 1 ਫ਼ਰਵਰੀ, 2021 ਨੂੰ  ਸਭ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ ਸਨ ਪਰ ਪਹਿਲਾਂ ਨਾਲੋਂ ਮੌਜੂਦਾ ਸਮੇਂ ਵਿਚ ਇਟਲੀ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟਦਾ ਦੇਖਿਆ ਜਾ ਰਿਹਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਸਰਕਾਰ ਨੇ ਇਟਲੀ ਦੇਸ਼ ਦੇ ਸੂਬਿਆਂ ਨੂੰ ਤਿੰਨ ਵੱਖ-ਵੱਖ ਰੰਗਾਂ ਵਿੱਚ ਤਬਦੀਲ ਕੀਤਾ ਗਿਆ ਸੀ, ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਸੂਬੇ ਨੂੰ ਲਾਲ ਰੰਗ, ਉਸ ਤੋਂ ਘੱਟ ਸੰਤਰੀ ਅਤੇ ਸਭ ਤੋਂ ਘੱਟ ਪ੍ਰਭਾਵਿਤ ਸੂਬੇ ਨੂੰ ਪੀਲੇ ਰੰਗ ਵਿਚ ਵੰਡਿਆ ਗਿਆ ਸੀ। ਜਿਸ ਅਨੁਸਾਰ ਚੰਗੀ ਖ਼ਬਰ ਇਹ ਮੰਨੀ ਜਾ ਰਹੀ ਹੈ ਕਿ ਹੁਣ ਇਟਲੀ ਵਿੱਚ ਸੋਮਵਾਰ ਤੋਂ ਕੋਈ ਵੀ ਸੂਬਾ ਲਾਲ ਜ਼ੋਨ ਦੇ ਅੰਦਰ ਨਹੀਂ ਰਿਹਾ ਹੈ । ਲਗਭਗ 16 ਸੂਬਿਆਂ ਨੂੰ ਪੀਲੇ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ਦੌਰਾਨ ਸਿਰਫ 4 ਸੂਬਿਆਂ ਨੂੰ ਸੰਤਰੀ ਜ਼ੋਨ ਵਿਚ ਰੱਖਿਆ ਗਿਆ ਹੈ।

Lalita Mam

This news is Content Editor Lalita Mam