ਇਟਲੀ : ਕਾਰ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

07/15/2018 10:12:31 AM

ਰੋਮ/ਇਟਲੀ (ਕੈਂਥ)— ਇਟਲੀ ਦੇ ਸ਼ਹਿਰ ਵਿਚੈਂਸਾ (ਗੰਬਾਲਾਰਾ) ਨਜ਼ਦੀਕ ਬਸੋਲੋਕਾਸਾ ਦੀ ਮੇਨ ਸੜਕ 'ਤੇ ਇਕ ਪੰਜਾਬੀ ਨੌਜਵਾਨ ਅਨਿਲ ਕੁਮਾਰ (50) ਪਿੰਡ ਖੁਸਰੋਪੁਰ ਜਿਲਾ ਜਲੰਧਰ ਦੀ ਇਕ ਸੜਕ ਹਾਦਸੇ ਵਿਚ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਮਿਲੇ ਵੇਰਵੇ ਮੁਤਾਬਕ ਅਨਿਲ ਕੁਮਾਰ ਦੁਪਹਿਰ ਇਕ ਵਜੇ ਦੇ ਕਰੀਬ ਕੰਮ 'ਤੇ ਸਾਇਕਲ ਉਪਰ ਜਾ ਰਿਹਾ ਸੀ, ਜਦ ਉਹ ਬਸੋਲੋਕਾਸਾ ਦੀ ਸੜਕ ਨੂੰ ਪਾਰ ਕਰਨ ਲਗਾ ਤਾਂ ਪਿਛੋਂ ਤੇਜ਼ ਰਫਤਾਰ ਆ ਰਹੀ ਕਾਰ, ਜਿਸ ਨੂੰ ਇਕ ਇਟਾਲੀਅਨ ਚਲਾ ਰਿਹਾ ਸੀ ਉਸ ਨੇ ਪਿਛੋਂ ਦੀ ਜ਼ੋਰਦਾਰ ਟੱਕਰ ਮਾਰੀ ।ਟੱਕਰ ਇੰਨੀ ਜ਼ਬਰਦਸਤ ਸੀ ਕਿ ਉਕਤ ਸਾਇਕਲ ਸਵਾਰ ਪੰਜਾਬੀ ਨੌਜਵਾਨ ਦੀ ਡਿੱਗਦੇ ਸਾਰ ਹੀ ਘਟਨਾ ਸਥਲ 'ਤੇ ਮੌਤ ਹੋ ਗਈ।ਘਟਨਾ ਤੋਂ ਬਾਅਦ ਪੁਲਸ ਨੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕਾਰ ਚਾਲਕ ਇਟਾਲੀਅਨ ਦੀ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਨਿਲ ਕੁਮਾਰ ਇਟਲੀ ਵਿਚ ਕੱਚੇ ਤੌਰ ਤੇ ਰਹਿ ਰਿਹਾ ਸੀ। ਉਹ ਤਿੰਨ ਸਾਲ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਇੱਥੇ ਘਰ ਦੀ ਗਰੀਬੀ ਦੂਰ ਕਰਨ ਆਇਆ ਸੀ। ਪਰ ਕੀ ਪਤਾ ਸੀ ਕਿ ਉਹ ਪਰਿਵਾਰ ਉੱਪਰ ਹੋਰ ਦੁੱਖਾਂ ਦੇ ਪਹਾੜ ਢਾਹ ਦੇਵੇਗਾ।ਮ੍ਰਿਤਕ ਅਨਿਲ ਕੁਮਾਰ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਨੂੰ ਰੋਂਦਿਆ ਛੱਡ ਗਿਆ ਹੈ।ਇਸ ਹਾਦਸੇ ਦੌਰਾਨ ਹੋਈ ਮੌਤ ਨਾਲ ਭਾਰਤੀ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਛਾ ਗਈ।