ਇਟਲੀ ਤੇ ਗ੍ਰੀਸ ਨੂੰ ਗੜ੍ਹੇਮਾਰੀ ਨੇ ਝੰਬਿਆ, 6 ਦੀ ਮੌਤ ਤੇ 100 ਲੋਕ ਜ਼ਖਮੀ

07/11/2019 7:49:48 PM

ਰੋਮ (ਕੈਂਥ) - ਇਕ ਪਾਸੇ ਯੂਰਪ ਦੇ ਕਈ ਦੇਸ਼ਾਂ 'ਚ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹਨ ਅਤੇ ਦੂਜੇ ਪਾਸੇ ਬੀਤੀ ਰਾਤ ਇਟਲੀ ਅਤੇ ਗ੍ਰੀਸ 'ਚ ਖਰਾਬ ਮੌਸਮ ਨੇ ਲੋਕਾਂ ਦੇ ਜਨ-ਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਖਰਾਬ ਮੌਸਮ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਬੁੱਧਵਾਰ ਦੀ ਰਾਤ ਉੱਤਰੀ ਗ੍ਰੀਸ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ 1 ਬੱਚੇ ਸਮੇਤ 6 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ।

ਖਰਾਬ ਮੌਸਮ ਦੇ ਚੱਲਦਿਆਂ ਤੇਜ਼ ਤੂਫਾਨ ਨੇ ਸੜਕਾਂ ਉੱਪਰ ਖੜ੍ਹੇ ਵੱਡੇ-ਵੱਡੇ ਦਰਖੱਤ ਜੜ੍ਹਾਂ ਤੋਂ ਪੱਟ ਦਿੱਤੇ ਅਤੇ ਕਈ ਘਰਾਂ ਦੀਆਂ ਛੱਤਾਂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਇਸ ਦੌਰਾਨ ਹੀ ਪਈ ਤੇਜ ਗੜ੍ਹੇਮਾਰੀ ਅਤੇ ਤੇਜ ਹਵਾਵਾਂ ਨੇ ਕਈ ਗੱਡੀਆਂ ਅਤੇ ਘਰਾਂ ਦੇ ਸ਼ੀਸੇ ਵੀ ਤੋੜ ਦਿੱਤੇ। ਤੇਜ਼ ਤੂਫਾਨ ਕਾਰਨ ਹੀ ਸੜਕਾਂ ਉੱਪਰ ਮੋਟਰ-ਗੱਡੀਆਂ ਅਤੇ ਹੋਰ ਛੋਟੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਇਲਾਕੇ ਦੇ ਸਮੁੰਦਰੀ ਕਿਨਾਰਿਆਂ ਉੱਪਰ ਸਥਿਤ ਰੈਸਟੋਰੈਂਟਾਂ ਅਤੇ ਹੋਰ ਬਣੇ ਆਰਾਮਗਾਹ ਸਥਾਨਾਂ 'ਤੇ ਤੇਜ਼ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਉੱਤਰੀ ਗ੍ਰੀਸ 'ਚ ਮਰਨ ਵਾਲਿਆਂ 'ਚ 2 ਨਾਗਰਿਕ ਰੂਸ ਦੇ, 2 ਚੈੱਕ ਰਿਪਬਲਿਕਨ ਅਤੇ 2 ਰੋਮਾਨੀਆ ਦੇ ਸ਼ਾਮਲ ਸਨ। ਰੋਮਾਨੀਆ ਦੇ ਨਾਗਰਿਕਾਂ 'ਚ ਇਕ ਬੱਚਾ ਵੀ ਸ਼ਾਮਲ ਸੀ। ਇਸ ਤਰ੍ਹਾਂ ਹੀ ਕੁਦਰਤੀ ਕਰੋਪੀ ਵੱਲੋਂ ਖਰਾਬ ਮੌਸਮ ਤੇਜ਼ ਤੂਫਾਨ ਅਤੇ ਮੀਂਹ ਨਾਲ ਇਟਲੀ ਦੇ ਇਲਾਕਾ ਅਬਰੂਸੋ ਅਤੇ ਪਿਸਕਾਰਾ ਵਿਖੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਜਿਸ ਕਾਰਨ 18 ਲੋਕਾਂ ਦੇ ਜਖ਼ਮੀ ਹੋਣ ਦਾ ਖਬਰ ਹੈ।

ਤੇਜ਼ ਅਤੇ ਭਾਰੀ ਮੀਂਹ ਦੇ ਕਾਰਨ ਸਥਾਨਕ ਹਸਪਤਾਲ 'ਚ ਹੜ੍ਹ ਵਾਲਾ ਮਾਹੌਲ ਬਣ ਗਿਆ ਅਤੇ ਲੋਕਾਂ ਦੀਆਂ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਦੇਖਦੇ ਹੀ ਦੇਖਦੇ ਮੀਂਹ ਦੇ ਪਾਣੀ 'ਚ ਗੋਤੇ ਖਾਣ ਲੱਗੀਆਂ। ਇਲਾਕੇ ਦੇ ਹੋਰ ਹਿੱਸਿਆਂ 'ਚ ਵੀ ਮੀਂਹ ਦੇ ਪਾਣੀ ਕਾਰਨ ਹੜ੍ਹ ਵਾਲਾ ਮਾਹੌਲ ਸੀ। ਤੇਜ਼ ਹਵਾਵਾਂ ਨੇ ਇਲਾਕੇ 'ਚ ਕਰੀਬ 200 ਦੇਵਦਾਰ ਦੇ ਦਰਖੱਤਾਂ ਨੂੰ ਜੜ੍ਹੋ ਉਖਾੜ ਦਿੱਤਾ। ਪਿਸਕਾਰਾ ਤੋਂ ਮਿਲਾਨੋ ਮਾਰੀਤਿਮਾ ਇਲਾਕੇ ਦੇ ਸਮੁੰਦਰੀ ਕਿਨਾਰਿਆਂ 'ਤੇ ਵੀ ਤੇਜ ਤੂਫਾਨ ਨੇ ਭਾਰੀ ਤਬਾਹੀ ਕੀਤੀ ਹੈ ਅਤੇ ਆਰਾਮਗਾਹਾਂ ਦੀਆਂ ਸਭ ਕੁਰਸੀਆਂ ਅਤੇ ਛੱਤਰੀਆਂ ਨੂੰ ਬੁਰੀ ਤਰ੍ਹਾਂ ਤੋੜ-ਮਰੋੜ ਦਿੱਤਾ ਹੈ।

Khushdeep Jassi

This news is Content Editor Khushdeep Jassi