150 ਫੁੱਟ ਦੀ ਉਚਾਈ 'ਤੇ ਤਾਰਾਂ 'ਚ ਉਲਝਿਆ ਜਹਾਜ਼, ਇੰਝ ਬਚੀ ਜਾਨ

10/13/2019 2:45:38 PM

ਰੋਮ (ਬਿਊਰੋ)— ਇਟਲੀ ਦੇ ਲੋਮਬਾਰਡੀ ਸੂਬੇ ਵਿਚ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ। ਇੱਥੇ ਇਕ ਛੋਟੇ ਜਹਾਜ 'ਤੇ ਸਵਾਰ ਪਾਇਲਟ ਅਤੇ ਇਕ ਯਾਤਰੀ ਦੀ ਜਾਨ ਉਸ ਸਮੇਂ ਖਤਰੇ ਵਿਚ ਪੈ ਗਈ ਜਦੋਂ 150 ਫੁੱਟ ਦੀ ਉਚਾਈ 'ਤੇ ਜਹਾਜ਼ ਤਾਰਾਂ ਵਿਚ ਉਲਝ ਗਿਆ। ਇਸ ਮਗਰੋਂ ਜਹਾਜ਼ ਹਵਾ ਵਿਚ ਲਟਕ ਗਿਆ। ਚੰਗੀ ਕਿਸਮਤ ਨਾਲ ਕੋਈ ਅਣਹੋਣੀ ਨਹੀਂ ਵਾਪਰੀ ਅਤੇ ਪਾਇਲਟ ਸਮੇਤ ਯਾਤਰੀ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਅਸਲ ਵਿਚ ਇਕ ਛੋਟਾ ਜਹਾਜ਼ ਇਟਲੀ ਦੇ ਆਲਪਸ ਪਰਬਤ ਦੇ ਨੇੜਿਓਂ ਲੰਘ ਰਿਹਾ ਸੀ। ਜਹਾਜ਼ ਉੱਥੇ ਸਥਿਤ ਪ੍ਰਾਤੋ ਵੇਲਿਨਟਿਨਾ ਸਕੀ ਰਿਜੌਰਟ ਦੇ ਕੇਬਲ ਵਿਚ ਫਸ ਕੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਦਾ ਇਕ ਵਿੰਗ ਟੁੱਟ ਗਿਆ। ਚੰਗੀ ਕਿਸਮਤ ਨਾਲ ਜਹਾਜ਼ ਜ਼ਮੀਨ 'ਤੇ ਨਹੀਂ ਡਿੱਗਿਆ। ਹਾਦਸੇ ਦੇ ਬਾਅਦ ਪਾਇਲਟ ਅਤੇ ਯਾਤਰੀ ਜਹਾਜ਼ ਦੇ ਵਿੰਗਸ 'ਤੇ ਬੈਠ ਗਏ।  ਉੱਥੇ ਉਹ ਕਰੀਬ ਡੇਢ ਘੰਟੇ ਤੱਕ ਹਵਾ ਵਿਚ ਫਸੇ ਰਹੇ। ਦੋਵੇਂ ਆਪਣੀ ਜਾਨ ਬਚਾਉਣ ਲਈ ਬਚਾਅ ਟੀਮ ਦਾ ਇੰਤਜ਼ਾਰ ਕਰਨ ਲੱਗੇ। 

ਉੱਧਰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਮਿਲਦੇ ਹੀ ਇਟਲੀ ਦੀ ਰਾਸ਼ਟਰੀ ਗੁਫਾ ਅਤੇ ਪਰਬਤੀ ਬਚਾਅ ਈਕਾਈ 'ਕਾਰਪੋ ਨਾਜਿਓਨੇਲ ਸੋਕੋਰਸੋ ਅਲੀਪਨੋ ਇਸਪੇਲੋਲੋਗਿਕੋ' (ਸੀ.ਐੱਨ.ਐੱਸ.ਏ.ਐੱਸ.) ਨੇ ਬਚਾਅ ਮੁਹਿੰਮ ਚਲਾਈ। ਇਸ ਮਗਰੋਂ 62 ਸਾਲ ਦੇ ਪਾਇਲਟ ਅਤੇ 55 ਸਾਲ ਦੇ ਯਾਤਰੀ ਨੂੰ ਬਚਾਇਆ ਗਿਆ। ਬਚਾਅ ਟੀਮ ਦੇ ਬੁਲਾਰੇ ਵਾਲਟਰ ਮਿਲਾਨ ਨੇ ਦੱਸਿਆ ਕਿ ਦੋਵੇਂ ਬਹੁਤ ਖੁਸ਼ਕਿਸਮਤ ਸਨ। ਇਹ ਚਮਤਕਾਰ ਹੀ ਸੀ ਕਿ ਦੋਹਾਂ ਦੀ ਜਾਨ ਬਚ ਗਈ ਕਿਉਂਕਿ ਬਚਾਅ ਮੁਹਿੰਮ ਦੌਰਾਨ ਵੀ ਜਹਾਜ਼ ਕੇਬਲ ਦੇ ਵਿਚ ਵੀ ਉਲਝਾ ਰਿਹਾ। 

ਬੁਲਾਰੇ ਮੁਤਾਬਕ ਹਾਦਸੇ ਵਿਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਸੇਂਡੇਲੋਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉੱਥੇ 66 ਸਾਲਾ ਦੇ ਯਾਤਰੀ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ।

Vandana

This news is Content Editor Vandana