ਰੱਬ ਨੇ ਹੱਥ ਦੇ ਕੇ ਬਚਾਈ 5ਵੇਂ ਮਹੀਨੇ ਜੰਮੀ ਬੱਚੀ ਦੀ ਜ਼ਿੰਦਗੀ, ਡਾਕਟਰਾਂ ਦੀ ਮਿਹਨਤ ਲਿਆਈ ਰੰਗ

12/26/2020 4:36:15 PM

 

ਰੋਮ, (ਕੈਂਥ)- ਇਟਲੀ ਵਿਚ ਇਕ ਬੱਚੀ ਦਾ ਜਨਮ 5ਵੇਂ ਮਹੀਨੇ ਹੀ ਹੋ ਗਿਆ ਤੇ ਇਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਰੱਬ ਨੇ ਹੱਥ ਦੇ ਕੇ ਇਸ ਨੂੰ ਬਚਾਇਆ ਅਤੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ। ਬੱਚੀ ਦਾ ਜਨਮ 26 ਜੁਲਾਈ, 2020 ਨੂੰ ਸਮੇਂ ਤੋਂ ਪਹਿਲਾਂ ਹੋ ਗਿਆ, ਜਦ ਉਸਦਾ ਭਾਰ ਸਿਰਫ  650 ਗ੍ਰਾਮ ਸੀ ਜਦੋਂ ਕਿ ਜੰਮਦੇ ਬੱਚੇ ਦਾ ਭਾਰ ਡਾਕਟਰਾਂ ਅਨੁਸਾਰ 2 ਕਿੱਲੋ 800 ਗ੍ਰਾਮ ਹੋਣਾ ਚਾਹੀਦਾ ਹੈ।

ਇਟਲੀ ਦੇ ਸੂਬਾ ਰਾਜੀਓ ਐਮੀਲੀਆ ਦੇ ਐੱਸ ਅੰਨਾ ਕਸਤੱਲਨੋਵੋ ਨੇ ਮੋਨਤੀ ਹਸਪਤਾਲ ਵਿਚ ਜਨਮੀ ਇਸ ਬੱਚੀ ਨੂੰ ਬਾਅਦ ਵਿਚ ਸਾਂਤਾ ਮਰੀਆ ਨੋਵਾ ਹਸਪਤਾਲ ਵਿਚ ਇਲਾਜ ਅਧੀਨ ਰੱਖਿਆ ਗਿਆ ਸੀ। ਲਗਭਗ 5 ਮਹੀਨੇ ਤੋਂ ਇਹ ਬੱਚੀ ਹਸਪਤਾਲ ਵਿਚ ਜੇਰੇ ਇਲਾਜ ਸੀ ਪਰ ਹੁਣ ਕ੍ਰਿਸਮਸ ਵਾਲੇ ਦਿਨ ਇਸ ਨੰਨੀ ਪਰੀ ਨੂੰ ਕ੍ਰਿਸਮਸ ਮੌਕੇ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਇਸ ਬੱਚੀ ਨੂੰ ਘਰ ਵਾਪਸ ਭੇਜਣ ਤੋਂ ਪਹਿਲਾਂ ਲਾਲ ਰੰਗ ਦੇ ਕੱਪੜਿਆਂ ਵਿਚ ਤਿਆਰ ਕੀਤਾ ਅਤੇ ਡਾਕਟਰਾਂ ਨੇ ਇਸ ਬੱਚੀ ਨੂੰ ਘਰ ਭੇਜਣ ਸਮੇਂ ਮੀਡੀਆ ਨੂੰ ਬੁਲਾ ਕੇ ਇਸ ਬੱਚੀ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।


ਡਾਕਟਰਾਂ ਨੇ ਇਸ ਬੱਚੀ ਨੂੰ ਮਹਾਯੋਧਾ ਕਹਿ ਕੇ ਬੁਲਾਇਆ ਗਿਆ ਹੈ ਕਿ ਇਹ ਬੱਚੀ ਦਾ ਜਨਮ ਇਕ ਜਾਦੂ ਸੀ ਅਤੇ ਇਸ ਨੂੰ ਬਚਾਉਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਸੰਬੰਧੀ ਸੰਤਾ ਮਰੀਆਂ ਨੋਵਾ ਹਸਪਤਾਲ ਦੇ ਡਰੈਕਟਰ ਜੰਨਕਾਰਲੋ ਜਾਰਯਾਨੋ ਨੇ ਕਿਹਾ ਕਿ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਇਸ ਦੀ ਬਚਣ ਦੀ ਉਮੀਦ ਬਹੁਤ ਘੱਟ ਸੀ ਕਿਉਂਕਿ ਜਿਹੜੇ ਬੱਚੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਉਨ੍ਹਾਂ ਦਾ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਇਸ ਹਸਪਤਾਲ ਵਿਚ ਜਦੋਂ ਇਹ ਬੱਚੀ ਲਿਆਂਦੀ ਗਈ ਸੀ ਤਾਂ ਹਸਪਤਾਲ ਦੀ ਪੂਰੀ ਡਾਕਟਰਾਂ ਦੀ ਟੀਮ ਇਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਪ੍ਰਮਾਤਮਾ ਦੀ ਕ੍ਰਿਪਾ ਨਾਲ ਹੁਣ ਉਹ ਠੀਕ ਹੋ ਕੇ ਆਪਣੇ ਘਰ ਜਾ ਰਹੀ ਹੈ ਉਨ੍ਹਾਂ ਆਪਣੇ ਹਸਪਤਾਲ ਦੇ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਅਤੇ ਸੇਵਾਵਾਂ ਪ੍ਰਤੀ ਖੁਸ਼ੀ ਪ੍ਰਗਟ ਕੀਤੀ ਹੈ। ਦੂਜੇ ਪਾਸੇ ਬੱਚੀ ਦੇ ਮਾਤਾ-ਪਿਤਾ ਨੇ ਸਮੂਹ ਡਾਕਟਰਾਂ ਦਾ ਅਤੇ ਹਸਪਤਾਲ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਨਾਲ ਇਸ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਠੀਕ ਹੋ ਕੇ ਘਰ ਪਰਤ ਰਹੀ ਹੈ।


Lalita Mam

Content Editor

Related News