ਇਟਲੀ ‘ਚ ਬੀਤੇ ਸਾਲ 350 ਲੋਕਾਂ ਨੇ ਆਪਣੀ ਮਰਜ਼ੀ ਨਾਲ ਮੌਤ ਨੂੰ ਲਗਾਇਆ ਗਲੇ

09/11/2019 7:57:13 AM

ਰੋਮ, (ਦਲਵੀਰ ਕੈਂਥ)- ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਕੋਈ ਆਤਮ ਹੱਤਿਆ ਨਾ ਕਰਦਾ ਹੋਵੇ ਪਰ ਆਤਮ ਹੱਤਿਆ ਕਰਨਾ ਜਿੱਥੇ ਗੈਰ-ਕਾਨੂੰਨੀ ਹੈ ।ਉੱਥੇ ਹੀ ਕਾਦਰ ਦੀ ਕੁਦਰਤ ਨੂੰ ਨਾਕਾਰਨ ਵਾਲੀ ਗੱਲ ਹੈ ਕਿਉਂਕਿ ਇਨਸਾਨ ਨੂੰ ਜਿੰਦਗੀ ਵਾਰ-ਵਾਰ ਨਹੀਂ ਮਿਲਦੀ। ਇਨਸਾਨ ਲਈ ਇਹ ਦੁਨੀਆਂ ਉਂਦੋਂ ਤੱਕ ਹੀ ਖੂਬਸੂਰਤ ਹੈ ਜਦੋਂ ਤੱਕ ਉਹ ਜਿਉਂਦਾ ਹੈ । ਮੌਤ ਦੇ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ। ਆਤਮ ਹੱਤਿਆ ਦਾ ਸਭ ਤੋਂ ਵੱਡਾ ਕਾਰਨ ਮਾਨਸਿਕ ਪ੍ਰੇਸ਼ਾਨੀ ਮੰਨਿਆ ਜਾ ਰਿਹਾ ਹੈ। ‘ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪਰਿਵੈਨਸ਼ਨ’ ਅਨੁਸਾਰ ਦੁਨੀਆਂ ਭਰ ਵਿੱਚ ਹਰ ਸਾਲ 8 ਲੱਖ  ਲੋਕ ਆਪਣੀ ਮਰਜ਼ੀ ਨਾਲ ਮੌਤ ਨੂੰ ਗਲੇ ਲਗਾਉਂਦੇ ਹਨ ਭਾਵ ਆਤਮ ਹੱਤਿਆ ਕਰਕੇ ਕੁਦਰਤ ਖਿਲਾਫ਼ ਬਗਾਵਤ ਕਰਦੇ ਹਨ ਤੇ ਹਰ 40 ਸਕਿੰਟ ਵਿੱਚ ਇੱਕ ਇਨਸਾਨ ਆਤਮ ਹੱਤਿਆ ਕਰ ਰਿਹਾ ਹੈ ਜਾਂ ਤਕਰੀਬਨ 3,000 ਲੋਕ ਹਰ ਰੋਜ਼ ਆਤਮ ਹੱਤਿਆ ਕਰਦੇ ਹਨ।

 

ਜੇਕਰ ਇੰਝ ਹੀ ਰਿਹਾ ਤਾਂ ਸੰਨ 2020 ਤੱਕ ਆਤਮ ਹੱਤਿਆ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 15 ਲੱਖ ਸਲਾਨਾ ਹੋ ਸਕਦੀ ਹੈ। ਸਰਵੇ ਅਨੁਸਾਰ ਔਰਤਾਂ ਮਰਦਾਂ ਦੀ ਆਤਮ ਹੱਤਿਆ ਵਿੱਚ ਔਸਤ ਇੱਕ ਔਰਤ ਦੇ ਮੁਕਾਬਲੇ 3 ਮਰਦ ਆਤਮ ਹੱਤਿਆ ਕਰ ਰਹੇ ਹਨ ਤੇ ਆਤਮ ਹੱਤਿਆ ਕਰਨ ਵਾਲੇ ਇਨਸਾਨ ਦੀ ਉਮਰ ਵਧੇਰੇ 15 ਤੋਂ 24 ਸਾਲ ਆਮ ਦੇਖੀ ਜਾ ਰਹੀ ਹੈ ਆਤਮ ਹੱਤਿਆ ਦਾ ਅੰਕੜਾ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਏਸ਼ੀਆ ਅਤੇ ਪੂਰਬੀ ਯੂਰਪ ਵਿੱਚ ਵਧੇਰੇ ਜਾ ਰਿਹਾ ਹੈ । ਯੂਰਪੀ ਦੇਸ਼ ਲਿਥੂਏਨੀਆ ਅਤੇ ਦੱਖਣੀ ਕੋਰੀਆ ਵਿੱਚ ਆਤਮ ਹੱਤਿਆ ਦਰ ਸਭ ਤੋਂ ਵੱਧ ਮੰਨੀ ਜਾ ਰਹੀ ਹੈ। ਇਟਲੀ ਵਿੱਚ ਵੀ ਬੀਤੇ ਸਾਲ 30 ਸਾਲ ਤੋਂ ਘੱਟ ਉਮਰ ਦੇ 350 ਲੋਕਾਂ ਵੱਲੋਂ ਆਤਮ ਹੱਤਿਆ ਕੀਤੀ ਗਈ । ਦੁਨੀਆਂ ਭਰ ਵਿੱਚ ਲੋਕਾਂ ਨੂੰ ਆਤਮ ਹੱਤਿਆ ਤੋਂ ਰੋਕਣ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ  ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੇਨਸ਼ਨ ਵੱਲੋਂ "ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ" ਹੇਠ 10 ਸਤੰਬਰ 2003 ਤੋਂ ਦੁਨੀਆਂ ਭਰ ਵਿੱਚ ਚਲਾਈ ਗਈ ਹੈ। ਜਿਸ ਅਧੀਨ ਹੀ ਦੁਨੀਆਂ ਦੇ 40 ਦੇਸ਼ਾਂ ਵਿੱਚ ਇਸ ਮੁਹਿੰਮ ਅਧੀਨ ਅਨੇਕਾਂ ਜਾਗਰੂਕਤਾ ਵਾਲੇ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ। ਇਸ ਸ਼ਲਾਘਾਯੋਗ ਕਾਰਜ਼ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੁਸਾਈਡ ਪ੍ਰੀਵੇਨਸ਼ਨ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ‘ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ’ ਵੀ ਭਰਪੂਰ ਸਹਿਯੋਗ ਦੇ ਰਹੇ ਹਨ। ਵਿਸ਼ਵ ਆਤਮ ਹੱਤਿਆ ਰੋਕੂ ਦਿਵਸ ਨੂੰ ਸਮਰਪਿਤ ਵਿਸ਼ੇਸ ਸਮਾਰੋਹ 17 ਅਤੇ 18 ਸਤੰਬਰ ਨੂੰ ਰੋਮ ਵਿਖੇ ਸਪੀਏਨਸਾਂ ਯੂਨੀਵਰਸਿਟੀ ਰੋਮ ਵੱਲੋਂ ਕਰਵਾਇਆ ਜਾ ਰਿਹਾ ਹੈ।