ਦੁਨੀਆ ਦੇ ਖਤਰਨਾਕ ਜਾਨਵਰ ਮੱਛਰ ਕਾਰਨ ਸਲਾਨਾ 435000 ਲੋਕਾਂ ਦੀ ਮੌਤ

08/20/2019 3:34:20 PM

ਰੋਮ/ਇਟਲੀ (ਕੈਂਥ)— ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਦੁਨੀਆ ਦੇ ਸਭ ਤੋਂ ਖਤਰਨਾਕ ਜਾਨਵਰਾਂ ਵਿੱਚ ਮੱਛਰ ਸਭ ਤੋਂ ਵੱਧ ਖਤਰਨਾਕ ਹੈ ਕਿਉਂਕਿ ਪੂਰੀ ਦੁਨੀਆ ਵਿੱਚ ਸਭ ਤੋਂ ਛੋਟਾ ਜਾਨਵਰ ਹੁੰਦਿਆਂ ਹੋਇਆਂ ਵੀ ਮੱਛਰ 435,000 ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਜਦੋਂ ਕਿ ਇਸ ਦੇ ਮੁਕਾਬਲੇ ਜ਼ਹਿਰੀਲਾ ਸੱਪ 50,000 ਅਤੇ ਕੁੱਤਾ 25,000 ਲੋਕਾਂ ਦੀ ਜਾਨ ਲੈਣ ਦਾ ਕਾਰਨ ਬਣ ਰਿਹਾ ਹੈ।20 ਅਗਸਤ, 1897 ਨੂੰ ਮਲੇਰੀਆ ਬਿਮਾਰੀ ਨੂੰ ਫੈਲਾਉਣ ਵਾਲੇ ਮਾਦਾ ਮੱਛਰ ਪਲਾਜ਼ਮੋਡੀਅਮ ਪਰਜੀਵੀ ਦਾ ਪਤਾ ਲਗਾਉਣ ਵਾਲੇ ਵਿਗਿਆਨੀ ਸਰ ਰੋਨਾਲਡ ਰੋਸ ਦੀਆਂ ਅਣੱਥਕ ਕੋਸ਼ਿਸ਼ਾਂ ਦੀ ਬਦੌਲਤ ਹੀ ਮਲੇਰੀਆ ਜਿਹੀ ਜਹਿਮਤ ਦਾ ਹੱਲ ਲੱਭਿਆ ਜਾ ਸਕਿਆ ਅਤੇ ਸ਼ਾਇਦ ਇਸ ਕਾਰਨ ਹੀ ਦੁਨੀਆ ਦੀਆਂ ਤਮਾਮ ਮਲੇਰੀਆ ਰੋਕੂ ਸੰਸਥਾਵਾਂ ਅਤੇ ਐਨ.ਜੀ.ਓ. ਵੱਲੋਂ 20 ਅਗਸਤ ਨੂੰ 'ਵਿਸ਼ਵ ਮਲੇਰੀਆ ਦਿਵਸ' ਵਜੋਂ ਮਨਾਇਆ ਜਾਂਦਾ ਹੈ।

ਵਿਸ਼ਵ ਹੈਲਥ ਆਰਗੇਨਾਈਜੇਸ਼ਨ ਮੁਤਾਬਕ ਸਾਲ 2017 ਵਿੱਚ 87 ਦੇਸ਼ਾਂ ਵਿੱਚੋਂ ਮਲੇਰੀਆ ਦੇ 219 ਮਿਲੀਅਨ ਕੇਸ ਸਾਹਮਣੇ ਆਏ ਹਨ, ਜਿਹਨਾਂ ਵਿੱਚ 435000 ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।ਹਰ ਦੋ ਮਿੰਟ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਮਲੇਰੀਆ ਨਾਲ ਇੱਕ ਬੱਚਾ ਮਰ ਜਾਂਦਾ ਹੈ ਤੇ ਸਲਾਨਾ 200 ਮਿਲੀਅਨ ਕੇਸ ਮਲੇਰੀਆ ਦੇ ਸਾਹਮਣੇ ਆ ਰਹੇ ਹਨ। ਆਰਗੇਨਾਈਜੇਸ਼ਨ ਮੁਤਾਬਕ ਅਫ਼ਰੀਕਾ ਵਿੱਚ ਸਭ ਤੋਂ ਵੱਧ ਮਲੇਰੀਆ ਦੇ ਕੇਸ ਦੇਖੇ ਗਏ ਹਨ, ਜਿਹਨਾਂ ਵਿੱਚੋਂ 92% ਮਾਮਲਿਆਂ ਵਿੱਚ 93% ਮੌਤਾਂ ਹੋਈਆਂ।ਮਲੇਰੀਆ ਦੀ ਰੋਕ-ਥਾਮ ਲਈ 
ਦੁਨੀਆ ਭਰ ਵਿੱਚ ਸਾਲ 2017 ਦੌਰਾਨ 3.1 ਬਿਲੀਅਨ ਅਮਰੀਕਨ ਡਾਲਰ ਖਰਚੇ ਜਾ ਚੁੱਕੇ ਹਨ।

2017 ਵਿੱਚ ਹੀ ਵਿਸ਼ਵ ਦੀ ਕਰੀਬ ਅੱਧੀ ਆਬਾਦੀ ਮਲੇਰੀਆ ਦੇ ਪ੍ਰਭਾਵ ਵਿੱਚ ਸੀ, ਜਿਸ ਵਿੱਚ ਜ਼ਿਆਦਾ ਪ੍ਰਭਾਵਿਤ ਦੇਸ਼ ਅਫਰੀਕਾ ਹੀ ਹੈ।ਉਂਝ ਦੱਖਣ-ਪੂਰਬੀ ਏਸ਼ੀਆ, ਪੂਰਬੀ ਮੈਡੀਟੇਰੀਅਨ,  ਪੱਛਮੀ ਪ੍ਰਸ਼ਾਂਤ ਅਤੇ ਅਮਰੀਕਾ ਦੇ ਕੁਝ ਇਲਾਕੇ ਸ਼ਾਮਿਲ ਹਨ ।87 ਦੇਸ਼ਾਂ ਵਿੱਚ ਇਸ ਦੀ ਰੋਕਥਾਮ ਲਈ ਜੰਗੀ ਪਧੱਰ ਉੱਥੇ ਕਾਰਵਾਈ ਚੱਲ ਰਹੀ ਹੈ।ਸਰਕਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਪ੍ਰੋਗਰਾਮ ਆਰੰਭੇ ਗਏ ਹਨ।ਇਹਨਾਂ ਨੁੱਕੜ ਪ੍ਰੋਗਰਾਮ ਵਿੱਚ ਹੀ ਲੋਕਾਂ ਨੂੰ ਮਲੇਰੀਆ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਮੁੱਹਈਆ ਕਰਵਾਈ ਜਾਂਦੀ ਹੈ। ਇਸ ਵਿਚ ਦੱਸਿਆ ਜਾਂਦਾ ਹੈ ਮਲੇਰੀਆ ਕੀ ਹੈ ਤੇ ਕਿੰਝ ਮਾਦਾ ਮੱਛਰ ਪਲਾਜ਼ਮੋਡੀਅਮ ਪਰਜੀਵੀ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।

ਮਲੇਰੀਆ ਨਾਲ 5 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤਾਂ, ਏਡਜ਼ ਦੇ ਮਰੀਜ਼ ਜਾਂ ਜਿਹਨਾਂ ਦੀ ਸਰੀਰਕ ਸ਼ਕਤੀ ਘੱਟ ਹੁੰਦੀ ਹੈ ਉਹ ਲੋਕ ਵਧੇਰੇ ਪ੍ਰਭਾਵਿਤ ਹੁੰਦੇ ਹਨ।ਮਲੇਰੀਆ ਦੇ ਮਰੀਜ਼ ਨੂੰ ਜਿੱਥੇ ਬੁਖਾਰ, ਸਿਰ ਦਰਦ, ਜੁਕਾਮ ਵਰਗੀਆਂ ਤਕਲੀਫ਼ਾਂ ਹੁੰਦੀਆਂ ਹਨ ਉੱਥੇ ਹੀ ਜੇਕਰ 24 ਘੰਟਿਆਂ ਵਿੱਚ ਇਸ ਦਾ ਸਹੀ ਇਲਾਜ ਨਾ ਹੋਵੇ ਤਾਂ ਇਹ ਕਈ ਹੋਰ ਗੰਭੀਰ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ।ਯੂਰਪ ਵਿੱਚ ਮਲੇਰੀਆ ਦਾ ਪ੍ਰਭਾਵ ਨਾਮਾਤਰ ਹੈ।ਵਿਸ਼ਵ ਹੈਲਥ ਆਰਗੇਨਾਈਜੇਸ਼ਨ ਨੇ ਸਾਲ 1970 ਵਿੱਚ ਯੂਰਪ ਦੇ ਸਭ ਤੋਂ ਚਰਚਿਤ ਦੇਸ਼ ਇਟਲੀ ਨੂੰ ਮਲੇਰੀਆ ਮੁੱਕਤ ਐਲਾਨ ਦਿੱਤਾ ਸੀ।ਇਟਲੀ ਵਿੱਚ ਮਲੇਰੀਆ ਦੀ ਬਿਮਾਰੀ ਸਥਾਨਕ ਲੋਕਾਂ ਵਿੱਚ ਨਾਂਹ ਦੇ ਬਰਾਬਰ ਹੈ ਪਰ ਜਿਹੜੇ ਲੋਕ ਏਸ਼ੀਆ ਜਾਂ ਹੋਰ ਇਲਾਕਿਆਂ ਤੋਂ ਇਟਲੀ ਆਉਂਦੇ ਜਾਂਦੇ ਹਨ ਉੁਹਨਾਂ ਨਾਲ ਇਹ ਬਿਮਾਰੀ ਜ਼ਰੂਰ ਕਈ ਵਾਰ ਆ ਜਾਂਦੀ ਹੈ, ਜਿਸ ਉਪੱਰ ਸਿਹਤ ਵਿਭਾਗ ਬਿਨਾਂ ਦੇਰ ਕਾਬੂ ਪਾ ਲੈਂਦਾ ਹੈ।

Vandana

This news is Content Editor Vandana