ਮਹਿਲਾ ਦੇ ਦੰਦਾਂ ਤੇ ਮਸੂੜਿਆਂ ''ਚ ਉੱਗੇ ਵਾਲ, ਡਾਕਟਰ ਵੀ ਹੈਰਾਨ

02/06/2020 2:54:23 PM

ਇਟਲੀ (ਬਿਊਰੋ): ਇਨਸਾਨ ਦੇ ਸਰੀਰ 'ਤੇ ਵਾਲ ਉੱਗਣਾ ਆਮ ਗੱਲ ਹੈ ਪਰ ਜੇਕਰ ਇਹ ਮੂੰਹ ਵਿਚ ਉੱਗ ਰਹੇ ਹੋਣ ਤਾਂ ਹੈਰਾਨੀ ਜ਼ਰੂਰ ਹੋਵੇਗੀ।ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਟਲੀ ਦਾ ਸਾਹਮਣੇ ਆਇਆ ਹੈ। ਇੱਥੇ 25 ਸਾਲਾ ਮਹਿਲਾ ਦੇ ਦੰਦਾਂ ਅਤੇ ਮਸੂੜਿਆਂ ਵਿਚ ਵਾਲ ਉੱਗ ਰਹੇ ਹਨ। ਡਾਕਟਰਾਂ ਮੁਤਾਬਕ ਇਹ ਦੰਦਾਂ ਅਤੇ ਮਸੂੜਿਆਂ ਦੀ ਇਕ ਬਹੁਤ ਦੁਰਲੱਭ ਬਾਇਓਲੋਜੀਕਲ ਸਥਿਤੀ ਹੈ। ਉਹ ਖੁਦ ਹੈਰਾਨ ਹਨ ਅਤੇ ਫਿਲਹਾਲ ਉਹ ਵੀ ਅਜਿਹਾ ਹੋਣ ਦੇ ਪਿੱਛੇ ਦੇ ਕਾਰਨਾਂ ਦੇ ਬਾਰੇ ਵਿਚ ਸਮਝ ਨਹੀਂ ਸਕੇ ਹਨ।

ਇਟਲੀ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਲਈ ਪੋਲੀਸਿਸਟਿਕ ਓਵਰੀ ਸਿੰਡਰੋਮ (Polycystic Ovary Syndrome - PCOS) ਨਾਮ ਦੀ ਦੁਰਲੱਭ ਬੀਮਾਰੀ ਜ਼ਿੰਮੇਵਾਰ ਹੋ ਸਕਦੀ ਹੈ। ਕੁਝ ਡਾਕਟਰ ਇਸ ਨੂੰ ਗਿੰਗੀਵਲ ਹਰਸੁਟਿਜਮ (Gingival Hirsutism) ਬੀਮਾਰੀ ਵੀ ਦੱਸ ਰਹੇ ਹਨ। ਇਸ ਵਿਚ ਸਰੀਰ ਵਿਚ ਅਜਿਹੇ ਹਿੱਸਿਆਂ ਵਿਚ ਵਾਲ ਉੱਗ ਆਉਂਦੇ ਹਨ ਜਿੱਥੇ ਨਹੀਂ ਹੋਣੇ ਚਾਹੀਦੇ। ਭਾਵੇਂਕਿ ਹੁਣ ਤੱਕ ਇਸ ਦਾ ਸਹੀ ਕਾਰਨ ਡਾਕਟਰ ਪਤਾ ਨਹੀਂ ਲਗਾ ਸਕੇ ਹਨ। 

ਇਸ ਦੁਰਲੱਭ ਬੀਮਾਰੀ ਦਾ ਇਲਾਜ 10 ਸਾਲ ਤੱਕ ਚੱਲਦਾ ਹੈ। ਇਲਾਜ ਦੀ ਪ੍ਰਕਿਰਿਆ ਵਿਚ ਹਾਰਮੋਨਜ਼ ਦੇ ਪੱਧਰ ਨੂੰ ਸੁਧਾਰਿਆ ਜਾਂਦਾ ਹੈ। ਇਟਲੀ ਦੀ ਇਹ ਮਹਿਲਾ 2009 ਵਿਚ ਵੀ ਗਲੇ ਅਤੇ ਠੁੱਡੀ ਵਿਚ ਵਾਲ ਉੱਗਣ ਦੀ ਸਮੱਸਿਆ ਲੈ ਕੇ ਡਾਕਟਰਾਂ ਕੋਲ ਗਈ ਸੀ। ਜਾਣਕਾਰੀ ਮੁਤਾਬਕ ਮਹਿਲਾ ਨੂੰ 15 ਸਾਲ ਦੀ ਉਮਰ ਵਿਚ ਟੇਸਟੋਸਟੇਰੋਨ ਜ਼ਿਆਦਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ ਪਰ ਉਸ ਦਾ ਇਲਾਜ ਹੋ ਚੁੱਕਾ ਹੈ। ਡਾਕਟਰਾਂ ਨੇ ਹੁਣ ਉਸ ਦੇ ਮਸੂੜਿਆਂ ਦੇ ਟਿਸ਼ੂਆਂ ਦੀ ਜਾਂਚ ਵੀ ਕੀਤੀ ਪਰ ਕੋਈ ਕਾਰਨ ਪਤਾ ਨਹੀਂ ਚੱਲ ਪਾ ਰਿਹਾ। 

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਨੂੰ ਇਹ ਬੀਮਾਰੀ ਹੋਈ ਹੈ। ਇਸ ਤੋ ਪਹਿਲਾਂ ਦੁਨੀਆ ਵਿਚ ਇਸ ਬੀਮਾਰੀ ਨਾਲ ਪੀੜਤ 5 ਪੁਰਸ਼ ਵੀ ਹਨ। ਇਹਨਾਂ ਪੁਰਸ਼ਾਂ ਦੇ ਮੂੰਹ ਦੇ ਅੰਦਰ ਦੰਦਾਂ ਅਤੇ ਮਸੂੜਿਆਂ ਦੇ ਵਿਚ ਵਾਲ ਉੱਗ ਆਏ ਸਨ।

ਹੁਣ ਤੱਕ ਡਾਕਟਰਾਂ ਦਾ ਇਹੀ ਮੰਨਣਾ ਹੈਕਿ ਇਹ ਮਹਿਲਾ ਗਿੰਗੀਵਲ ਹਰਸੁਟਿਜਮ ਨਾਲ ਪੀੜਤ ਹੈ। ਇਸ ਬੀਮਾਰੀ ਅਤੇ ਇਸ ਨਾਲ ਪੀੜਤ ਲੋਕਾਂ ਦੇ ਬਾਰੇ ਵਿਚ ਇਕ ਵਿਸ਼ੇਸ਼ ਰਿਸਰਚ ਰਿਪੋਰਟ ਓਰਲ ਪੈਥੋਲੋਜੀ ਜਨਰਲ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ।

Vandana

This news is Content Editor Vandana