ਇਟਲੀ  : ਮਾਰੀਓ ਦਰਾਗੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ ਜਥੇਬੰਦੀਆਂ ਵੱਲੋਂ ਇਕ ਦਿਨ ਦੀ ਟਰਾਂਸਪੋਰਟ ਹੜਤਾਲ

10/12/2021 8:17:10 PM

ਰੋਮ/ਇਟਲੀ (ਦਲਵੀਰ ਕੈਂਥ)-ਇਟਲੀ ਕੋਰੋਨਾ ਵਾਇਰਸ ਦੀ ਸ਼ੁਰੂਆਤ ’ਚ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਕੇ ਸਾਹਮਣੇ ਆਇਆ ਸੀ, ਜਿਥੇ ਚੀਨ ਦੇ ਵੁਹਾਨ ਸ਼ਹਿਰ ਤੋਂ ਬਾਅਦ ਸਭ ਤੋਂ ਵੱਧ ਕੋਰੋਨਾ ਮਹਾਮਾਰੀ ਦੇ ਮਾਮਲੇ ਦਰਜ ਹੁੰਦੇ ਸਨ। ਉਸ ਸਮੇਂ ਇਟਲੀ ਦੇ ਹਾਲਾਤ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਸੀ ਕਿ ਪਤਾ ਨੀਂ ਕੀ ਹੋਵੇਗਾ ਕਿਉਂਕਿ ਉਸ ਸਮੇਂ ਇਟਲੀ ’ਚ ਮੌਤ ਦਰ ਅਤੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਸੀ, ਭਾਵੇਂ ਹੌਲੀ ਹੌਲੀ ਇਟਲੀ ’ਚ ਹਾਲਾਤ ਵਿਚ ਸੁਧਾਰ ਹੋ ਗਿਆ ਹੈ ਪਰ ਸਰਕਾਰ ਹੁਣ ਵੀ ਬਹੁਤ ਹੀ ਸੋਚ-ਸਮਝ ਕੇ ਪੈਰ ਰੱਖ ਰਹੀ ਹੈ। ਸਰਕਾਰ ਨੇ ਬੇਸ਼ੱਕ ਤਾਲਾਬੰਦੀ ਨੂੰ ਦੇਸ਼ ਭਰ ’ਚ ਨਿਜਾਤ ਦੇ ਦਿੱਤੀ ਹੈ ਪਰ ਸਰਕਾਰ ਵੱਲੋਂ ਸਖ਼ਤ ਸ਼ਬਦਾਂ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਕੋਈ ਵੀ ਵਿਅਕਤੀ ਐਂਟੀ ਕੋਵਿਡ ਵੈਕਸੀਨ ਤੋਂ ਵਾਂਝਾ ਨਾ ਰਹੇ ਪਰ ਇਟਲੀ ’ਚ ਹੁਣ ਵੀ ਕੁਝ ਫੀਸਦੀ ਲੋਕਾਂ ਨੇ ਐਂਟੀ-ਕੋਵਿਡ ਵੈਕਸੀਨ ਨਹੀਂ ਲਗਵਾਈ ਅਤੇ ਨਾ ਹੀ ਲਗਾਉਣਾ ਚਾਹੁੰਦੇ ਹਨ।

ਇਸੇ ਸਬੰਧ ’ਚ ਇਟਲੀ ਭਰ ’ਚ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਬੀਤੇ ਮਹੀਨਿਆਂ ਤੋਂ ਲਗਾਤਾਰ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਰਾਜਧਾਨੀ ਰੋਮ, ਮਿਲਾਨ, ਨਾਪੋਲੀ, ਤਰੈਸਤੇ ਅਤੇ ਤੋਰੀਨੋ ਸਮੇਤ ਹੋਰ ਵੱਖ-ਵੱਖ ਸ਼ਹਿਰਾਂ ’ਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਦੇਸ਼ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਇਕ ਦਿਨ ਦੀ ਪਬਲਿਕ ਟਰਾਂਸਪੋਰਟ ਦੀ ਹੜਤਾਲ ਕਰ ਕੇ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ’ਚ ਲੋਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।

ਇਸ ਹੜਤਾਲ ਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ। ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ 11 ਅਕਤੂਬਰ ਨੂੰ ਦੇਸ਼ ਭਰ ’ਚ ਹੜਤਾਲ ਕੀਤੀ ਜਾਵੇਗੀ, ਇਸ ਹੜਤਾਲ ਦਾ ਅਸਰ ਬੱਸਾਂ, ਟ੍ਰੇਨਾਂ, ਮੈਟਰੋ, ਟ੍ਰਾਮ ਅਤੇ ਏਅਰਲਾਈਨਜ਼ ’ਚ ਵੀ ਦੇਖਣ ਨੂੰ ਮਿਲਿਆ, ਦੇਸ਼ ਦੀ ਏਅਰਲਾਈਨਜ਼ ਅਲ ਇਟਾਲੀਆ ਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ 127 ਉਡਾਣਾਂ ਨੂੰ ਰੱਦ ਕਰਨਾ ਪਿਆ, ਦੂਜੇ ਪਾਸੇ ਵੱਖ-ਵੱਖ ਥਾਵਾਂ ’ਤੇ ਪੁਲਸ ਪ੍ਰਸ਼ਾਸਨ ਨਾਲ ਪ੍ਰਦਰਸ਼ਨਕਾਰੀਆਂ ’ਚ ਮਾਮੂਲੀ ਟਕਰਾਅ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਦੂਜੇ ਪਾਸੇ ਤੋਰੀਨੋ ਸ਼ਹਿਰ ’ਚ ਵਿਦਿਆਰਥੀਆਂ ਵੱਲੋਂ ਵੀ ਮਾਰੀਓ ਦਰਾਗੀ ਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਤਸਵੀਰ ਸਮੇਤ ਯੂਰਪੀਅਨ ਯੂਨੀਅਨ ਦੇ ਝੰਡੇ ਨੂੰ ਅੱਗ ਲਗਾਉਣ ਦੀਆਂ ਖ਼ਬਰਾਂ ਸਥਾਨਕ ਮੀਡੀਆ ’ਚ ਸੁਰਖੀਆਂ ਬਣੀਆਂ ਹੋਈਆਂ ਸਨ।

Manoj

This news is Content Editor Manoj