ਮਰਦ ਪ੍ਰਧਾਨ ਸਮਾਜ ''ਚ ਔਰਤਾਂ ਨੂੰ ਅੱਜ ਵੀ ਸਮਝਿਆ ਜਾਂਦਾ ਖਿਡੌਣਾ : ਡਾ. ਸੋਨੀਆ

01/13/2020 4:34:48 PM

ਮਿਲਾਨ/ ਇਟਲੀ (ਸਾਬੀ ਚੀਨੀਆ): ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਕਈ ਲੋਕ ਅਜਿਹੇ ਹਨ ਜੋ ਜੱਗ ਜਨਣੀ ਔਰਤ ਨੂੰ ਸਿਰਫ ਤੇ ਸਿਰਫ ਖਿਡੌਣਾ ਸਮਝਦੇ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਮਹਿਲਾ ਵਿੰਗ ਦੀ ਪ੍ਰਧਾਨ ਤੇ 'ਹਿਊਮਨ ਰਾਈਟਸ, ਲਈ ਮਹਿਲਾਵਾਂ ਲਈ ਲੜਨ ਵਾਲੀ ਡਾ. ਸੋਨੀਆ ਵਲੋਂ ਲੋਹੜੀ ਦੇ ਤਿਉਹਾਰ 'ਤੇ ਇਕ ਸਮਾਗਮ ਵਿੱਚ ਗੱਲਬਾਤ ਕਰਦੇ ਹੋਏ ਕੀਤਾ ਗਿਆ । ਯੂਰਪ ਵਿਚ ਭਾਰਤੀਆਂ ਦੀ ਪਹਿਚਾਣ ਡਾ ਸੋਨੀਆ ਨੇ ਜ਼ੋਰ ਦਿੰਦੇ ਹੋਏ ਆਖਿਆ ਕਿ ਔਰਤਾਂ ਸਮੇ ਨੂੰ ਸਮਝਦੇ ਹੋਈਆਂ ਆਪਣੇ 'ਤੇ ਹੋ ਰਹੇ ਜੁਲਮਾਂ ਖਿਲਾਫ ਅਵਾਜ਼ ਬੁਲੰਦ ਕਰਨ ਤੇ ਔਰਤ 'ਤੇ ਜੁਲਮ ਕਰਨ ਵਾਲਿਆਂ ਨੂੰ ਇਕ ਦੂਜੇ ਦੇ ਸਾਥ ਨਾਲ ਸਜ਼ਾ ਦਿਵਾਉਣ।

ਉਨ੍ਹਾਂ ਫਿਲਮ 'ਛਪਾਕ, ਦੀ ਉਦਾਹਰਣ ਦਿੰਦੇ ਆਖਿਆ ਕਿ ਇਹ ਫਿਲਮ ਸਿਰਫ ਐਸਿਡ ਅਟੈਕ ਦੀ ਕਹਾਣੀ ਹੀ ਨਹੀਂ ਸਗੋਂ ਮਹਿਲਾਵਾਂ ਨੂੰ ਮਹਿਲਾ ਸਸ਼ਕਤੀਕਰਣ ਤਹਿਤ ਅੱਗੇ ਵਧਣ ਦੀ ਪ੍ਰੇਰਨਾ ਵੀ ਦੇਂਦੀ ਹੈ ਤਾਂ ਜੋ ਉਹ ਜਿੱਥੇ ਖੁਦ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰ ਸਕਣ ਉੱਥੇ ਮਹਿਲਾਵਾਂ ਨੂੰ ਜਨਤਕ ਤੌਰ 'ਤੇ ਸੁਰੱਖਿਆ ਪ੍ਰਤੀ ਵੀ ਜਾਗਰੂਕ ਕਰ ਸਕਣ ਅਤਿਆਚਾਰ ਦੀ ਸ਼ਿਕਾਰ ਲੜਕੀਆਂ ਨੂੰ ਆਰਥਿਕ ਰੂਪ ਤੋਂ ਸੁਦ੍ਰਿੜ ਬਣਾਉਣ ਦੇ ਨਾਲ ਸਵੈਮਾਣ ਨਾਲ ਜਿਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਬਹੁਤ ਲੋੜ ਹੈ । ਡਾ ਸੋਨੀਆ ਨੇ ਫਿਲਮ ਬਣਾਉਣ ਵਾਲਿਆਂ ਨੂੰ ਵਿਅੰਗ ਕਰਦੇ ਕਿਹਾ ਕਿ ਉਹ ਔਰਤ ਦੇ ਰੂਪ ਨੂੰ ਲੋਕਾਂ ਅੱਗੇ ਪੇਸ਼ ਕਰਨ ਦੀ ਬਜਾਏ ਪ੍ਰੇਰਨਾ ਸਰੋਤ ਬਣਾਕੇ ਪੇਸ਼ ਕਰਨ ਤਾਂ ਜੋ ਸਮਾਜ ਨੂੰ ਔਰਤਾਂ ਦੀ ਸ਼ਕਤੀ ਤੋਂ ਜਾਣੂ ਕਰਵਾਇਆ ਜਾ ਸਕੇ ।
 


Vandana

Content Editor

Related News