ਇਟਲੀ ''ਚ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਤੇ ਗਾਇਕ ਕਮਲ ਤੱਲਣ ਦਾ ਨਿੱਘਾ ਸਵਾਗਤ

01/08/2018 11:04:45 AM

ਰੋਮ(ਕੈਂਥ)— ਆਪਣੇ ਮਿਸ਼ਨਰੀ ਗੀਤਾਂ ਨਾਲ ਦੁਨੀਆ ਭਰ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਗਾਇਕਾ ਗਿੰਨੀ ਮਾਹੀ ਅਤੇ ਗਾਇਕ ਕਮਲ ਤੱਲਣ ਅੱਜ-ਕਲ੍ਹ ਆਪਣੀ ਵਿਸੇਸ਼ ਯੂਰਪ ਫੇਰੀ ਉੱਤੇ ਹਨ। ਇਸ ਸੰਖੇਪ ਫੇਰੀ ਮੌਕੇ ਯੂਰਪ ਦੇ ਦੇਸ਼ ਗਰੀਸ ਅਤੇ ਇਟਲੀ ਵਿਚ ਗਿੰਨੀ ਮਾਹੀ ਅਤੇ ਕਮਲ ਤੱਲਣ ਦਾ ਸਮੁੱਚੇ ਰਵਿਦਾਸੀਆ ਸਮਾਜ ਨੇ ਬਹੁਤ ਹੀ ਨਿੱਘੇ ਢੰਗ ਨਾਲ ਸਵਾਗਤ ਕੀਤਾ। ਇਸ ਫੇਰੀ ਮੌਕੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਤੋਂ ਉਚੇਚੇ ਤੌਰ 'ਤੇ ਯੂਰਪ ਆਏ ਮਿਸ਼ਨ ਦੇ ਇਨ੍ਹਾਂ ਨਾਮੀ ਕਲਾਕਾਰਾਂ ਨੂੰ ਸੁਣਨ ਲਈ ਸੰਗਤਾਂ ਇਟਲੀ ਭਰ ਤੋਂ ਕਾਫ਼ਲਿਆਂ ਦੇ ਰੂਪ ਵਿਚ ਪਹੁੰਚੀਆਂ। ਸਮਾਗਮ ਦੀ ਸ਼ੁਰੂਆਤ ਵਿਚ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੁਲੰਦ ਜੈਕਾਰਿਆਂ ਦੀ ਗੂੰਜ ਵਿਚ ਪ੍ਰੋਗਰਾਮ ਦਾ ਆਗਾਜ ਕਰਨ ਲਈ ਸੱਦਾ ਦਿੱਤਾ। ਸਮਾਗਮ ਦੀ ਆਰੰਭਤਾ ਗਿੰਨੀ ਮਾਹੀ ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ “ਤੇਰੇ ਚਰਨਾਂ 'ਚ ਇਹੋ ਅਰਦਾਸ ਸਾਡਾ ਬਣਿਆ ਰਹੇ ਵਿਸ਼ਵਾਸ'' ਨਾਲ ਕੀਤੀ, ਇਸੇ ਤਰ੍ਹਾਂ ਗੀਤਾਂ ਦੀ ਚੱਲੀ ਲੜੀ ਦੇ ਨਾਲ-ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਤ-ਪਾਤ ਵਿਰੁੱਧ ਕੀਤੇ ਸੰਘਰਸ਼ ਨੂੰ ਸੰਗਤਾਂ ਵਿਚ ਵਿਸਥਾਰ ਨਾਲ ਉਜਾਗਰ ਕੀਤਾ ਅਤੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਨੂੰ ਬਾਬਾ ਸਾਹਿਬ ਜੀ ਨੇ ਕਿਸ ਤਰ੍ਹਾਂ ਅੱਗੇ ਤੋਰਿਆ। ਕਿਸ ਤਰ੍ਹਾਂ ਸੰਨ 1932 ਦੀ ਗੋਲਮੇਜ ਕਾਨਫਰੰਸ ਦਾ ਵਰਨਣ “ਮੈਂ ਹੱਕ ਲੈਕੇ ਦੇਣੇ ਬਣਦੇ ਜਿਹੜੇ ਸਰਬ ਸਮਾਜ ਨੂੰ'' ਗਾ ਕੇ ਬਹੁਤ ਹੀ ਸੁਚੱਜੇ ਲਹਿਜੇ ਵਿਚ ਸਰਬ ਸਮਾਜ ਦੀ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਗਿੰਨੀ ਮਾਹੀ ਨੇ ਆਪਣਾ ਵਿਸ਼ਵ ਭਰ ਵਿਚ ਮਕਬੂਲ ਹੋਇਆ ਮਿਸ਼ਨਰੀ ਗੀਤ “ਮੈਂ ਧੀ ਹਾਂ ਬਾਬਾ ਸਾਹਿਬ ਦੀ ਜਿਹਨਾਂ ਲਿਖਿਆ ਹੈ ਸੰਬਿਧਾਨ, ਉਹਦੀ ਕਲਮ ਦਾ ਖੱਟਿਆ ਖਾਈਦਾ ਤਾਹੀਓ ਸਿਫ਼ਤਾ ਕਰੇ ਜਹਾਨ ਆਦਿ ਗਾ ਕੇ ਪੰਡਾਲ ਵਿਚ ਹਾਜ਼ਰ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।
ਇਸ ਸਮਾਗਮ ਵਿਚ ਜਿੱਥੇ ਮਿਸ਼ਨਰੀ ਗਾਇਕ ਕਮਲ ਤੱਲਣ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਮਿਸ਼ਨ ਨਾਲ ਜੋੜਿਆ ਉੱਥੇ ਹੀ ਦਲਿਤ ਸਮਾਜ ਦੇ ਹੀਰੇ ਮਰਹੂਮ ਮਿਸ਼ਨਰੀ ਗਾਇਕ ਮੋਹਣ ਬੰਗੜ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਗਾਇਆ ਗੀਤ “ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦਿਆ ਹਾਕਮਾ'' ਗਾ ਕੇ ਸੰਗਤਾਂ ਦਾ ਭਰਪੂਰ ਆਸ਼ੀਰਵਾਦ ਲਿਆ। ਇਸ ਵਿਸ਼ੇਸ਼ ਸਮਾਗਮ ਵਿਚ ਦੋਵੇਂ ਮਿਸ਼ਨਰੀ ਕਲਾਕਾਰਾਂ ਨੇ ਪਹੁੰਚੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ:ਭੀਮ ਰਾਓ ਦੇ ਮਿਸ਼ਨ ਪ੍ਰਤੀ ਜਾਗਰੂਕ ਹੀ ਨਹੀਂ ਕੀਤਾ ਸਗੋਂ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਵੀ ਉਤਸ਼ਾਹਿਤ ਕੀਤਾ। ਸਮਾਗਮ ਦੇ ਆਖਿਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਵੀਰ ਬੱਬੂ ਨੇ ਭਾਰਤ ਤੋਂ ਉਚੇਚੇ ਤੌਰ 'ਤੇ ਮਿਸ਼ਨ ਦੀ ਸੇਵਾ ਹਿੱਤ ਆਏ ਇਨ੍ਹਾਂ ਮਿਸ਼ਨਰੀ ਕਲਾਕਾਰਾਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਯੂਰਪ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਲਾਮਬੰਦ ਹੋਣ ਲਈ ਖੁੱਲਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਮਿਸ਼ਨਰੀ ਕਲਾਕਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ।