ਇਟਲੀ ''ਚ ਸੇਨੇਗਲ ਮੂਲ ਦੇ ਵਿਅਕਤੀ ਨੇ ਸਕੂਲ ਬੱਸ ਨੂੰ ਲਾਈ ਅੱਗ

03/21/2019 9:50:04 AM

ਰੋਮ/ਇਟਲੀ (ਕੈਂਥ)— ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਇਕ ਅਪਰਾਧਕ ਰਿਕਾਰਡ ਵਾਲੇ ਵਿਅਕਤੀ ਨੇ ਸਕੂਲ ਬੱਸ ਨੂੰ ਅਗਵਾ ਕਰ ਲਿਆ। ਅਪਰਾਧੀ ਵਿਅਕਤੀ ਓਸੇਨਿਆ ਸਈ ਮੂਲ ਤੌਰ 'ਤੇ ਸੇਨੇਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ। ਉਸ ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇਕ ਮਿਡਲ ਸਕੂਲ ਦੇ 51 ਮਾਸੂਮ ਵਿਦਿਆਰਥੀਆਂ ਨਾਲ ਖਚਾਖੱਚ ਭਰੀ ਬੱਸ ਨੂੰ 47 ਸਾਲਾ ਡਰਾਇਵਰ ਸਮੇਤ ਅਗਵਾ ਕਰ ਲਿਆ।ਇਸ ਘਟਨਾ ਵਿਚ 40 ਮਿੰਟ ਤੱਕ ਬੱਚੇ ਦਹਿਸ਼ਤ ਦੇ ਸਾਏ ਹੇਠ ਰਹੇ, ਜਿਹਨਾਂ ਨੂੰ ਕਿ ਅਗਵਾਕਾਰ ਸਈ ਨੇ ਕਾਫੀ ਪ੍ਰੇਸ਼ਾਨ ਕੀਤਾ।ਮੁਲਜ਼ਮ ਸਈ ਨੇ ਬੱਸ ਵਿਚ ਮੌਜੂਦ ਇਕ ਟੀਚਰ ਨੂੰ ਬੱਚਿਆਂ ਦੇ ਫੋਨ ਖੋਹ ਕੇ ਪਲਾਸਟਿਕ ਜਿਹੀ ਕਿਸੇ ਚੀਜ਼ ਨਾਲ ਮਾਰਨ ਦੇ ਇਰਾਦੇ ਨਾਲ ਹੱਥ ਬੰਨ੍ਹਣ ਲਈ ਕਿਹਾ ਪਰ ਇਹਨਾਂ ਵਿੱਚੋਂ ਇਕ 13 ਸਾਲ ਦਾ ਬੱਚਾ ਰਹਮੀ ਚਲਾਕੀ ਨਾਲ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ ਵਿਚ ਕਾਮਯਾਬ ਹੋ ਗਿਆ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਬੱਚਿਆਂ ਨੂੰ ਬਚਾਉਣ ਲਈ ਕਾਰਵਾਈ ਵਿਚ ਜੁੱਟ ਗਈ।

ਅਗਵਾਕਾਰ ਜਿਹੜਾ ਕਿ ਵਾਰ-ਵਾਰ ਬੱਚਿਆਂ ਨੂੰ ਇਹ ਕਹਿ ਰਿਹਾ ਸੀ ਕਿ ਕੋਈ ਨਹੀਂ ਬਚੇਗਾ ਉਸ ਨੇ ਬੱਸ ਨੂੰ ਇਕ ਰੋਡ 'ਤੇ ਖੜ੍ਹੀ ਕਰਕੇ ਰਸਤੇ ਨੂੰ ਵੀ ਬੰਦ ਕਰਨ ਦੀ ਕੋਸ਼ਿਸ ਕੀਤੀ।ਇਸ ਤੋਂ ਪਹਿਲਾਂ ਕਿ ਅਗਵਾਕਾਰ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਪੁਲਸ ਨੇ ਪਿਛਲੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ। ਇੰਨ੍ਹੇ ਵਿਚ ਮੁਲਜ਼ਮ ਨੇ ਬੱਸ ਨੂੰ ਅੱਗ ਲਗਾ ਦਿੱਤੀ ਜਿਸ ਦੇ ਧੂੰਏਂ ਦੇ ਜ਼ਹਿਰੀਲੇ ਪ੍ਰਭਾਵ ਕਾਰਨ 12 ਬੱਚਿਆਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ।ਪੁਲਸ ਮੁਤਾਬਕ ਬੱਚੇ ਇਸ ਘਟਨਾ ਕਾਰਨ ਕਾਫੀ ਸਹਿਮੇ ਹੋਏ ਸਨ ਜਿਹਨਾਂ ਕਿਹਾ ਕਿ ਇਹ ਚਮਤਕਾਰ ਹੀ ਹੈ ਕਿ ਉਹ ਇਸ ਹਮਲੇ ਵਿਚ ਜ਼ਿੰਦਾ ਬੱਚ ਗਏ।

ਬੱਚਿਆਂ ਨੇ ਪੁਲਸ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਅਗਵਾਕਾਰ ਉਹਨਾ ਨੂੰ ਪੈਟਰੋਲ ਨਾਲ ਸਾੜਨਾ ਚਾਹੁੰਦਾ ਸੀ ਤੇ ਇਹ ਕੰਮ ਉਹ ਮਿਲਾਨ ਏਅਰਪੋਰਟ ਵਾਲੇ ਰੋਡ ਉਪੱਰ ਕਰਨ ਦੀ ਕੋਸਿਸ ਵਿਚ ਸੀ। ਪੁਲਸ ਦੀ ਕਾਰਵਾਈ ਨਾਲ ਮੁਲਜ਼ਮ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ਸਕਿਆ।ਬੱਚਿਆਂ ਨੇ ਦੱਸਿਆ ਕਿ ਮੁਲਜ਼ਮ ਕਹਿ ਰਿਹਾ ਸੀ ਕਿ ਅਫਰੀਕਾ ਵਿਚ ਲੋਕ ਮਰ ਰਹੇ ਹਨ ਜਦੋਂ ਕਿ ਗਲਤੀ ਮਾਇਓ ਅਤੇ ਸਲਵੀਨੀ ਦੀ ਹੈ।ਇਹਨਾਂ ਆਗੂਆਂ ਨੇ ਬੰਦਰਗਾਹਾਂ ਉਪੱਰ ਪ੍ਰਵਾਸੀਆਂ ਦਾ ਦਾਖਲਾ ਬੰਦ ਕਰ ਦਿੱਤਾ ਹੈ।ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੋਧੀ ਨੀਤੀਆਂ ਤੋਂ ਖਫ਼ਾ ਓਸੇਨਿਆ ਸਈ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।ਇਸ ਘਟਨਾ ਵਿਚ ਸਕੂਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਸਾਰੇ ਬੱਚੇ ਬਿਲਕੁਲ ਠੀਕ-ਠਾਕ ਹਨ।

Kainth

This news is Reporter Kainth