ਇਟਲੀ ''ਚ ਮਨਾਇਆ ਗਿਆ ਸੰਤ ਰਾਮਾਨੰਦ ਜੀ ਦਾ 10ਵਾਂ ਸ਼ਹੀਦੀ ਦਿਵਸ

06/14/2019 10:25:54 AM

ਰੋਮ/ਇਟਲੀ (ਕੈਂਥ)— ਆਪਣੀ ਸ਼ਹਾਦਤ ਨਾਲ ਸੁੱਤੀ ਕੌਮ ਨੂੰ ਜਗਾਉਣ ਵਾਲੇ ਪੂਰੀ ਜ਼ਿੰਦਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਵਾਲੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦਾ 10ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ। 
ਸ਼ਹੀਦੀ ਸਮਾਰੋਹ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਤਨਾਮ ਸਿੰਘ ਨੇ ਸ਼ਬਦ “ਹੈ ਕੁੰਜੀ ਹੱਥ ਸਾਧੂਆਂ ਦੇ'' ਤੋਂ ਦੀਵਾਨ ਆਰੰਭ ਕੀਤੇ।

ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ 10ਵੇਂ ਸ਼ਹੀਦੀ ਸਮਾਗਮ ਲਈ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਆਏ ਸੰਤ ਸੁਰਿੰਦਰ ਦਾਸ ਬਾਵਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਕਰਦਿਆਂ ਸ਼ਹੀਦ ਸੰਤ ਰਾਮਾਨੰਦ ਜੀ ਵੱਲੋਂ ਕੀਤੇ ਮਿਸ਼ਨਰੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭ ਸੰਗਤਾਂ ਨੂੰ ਸ਼ਹੀਦ ਸੰਤ ਰਾਮਾਨੰਦ ਜੀ ਦੇ ਜੀਵਨ ਫ਼ਲਸਫੇ ਤੋਂ ਸੇਧ ਲੈ ਕੇ ਗੁਰੂ ਵਾਲੇ ਬਣ ਮਿਸ਼ਨ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। 

PunjabKesari

ਇਸ ਮੌਕੇ ਮਿਸ਼ਨਰੀ ਗਾਇਕ ਜੀਵਨ ਸੋਹਲ ਨੇ ਆਪਣੀ ਬੁਲੰਦ ਅਤੇ ਦਮਦਾਰ ਆਵਾਜ਼ ਨਾਲ ਇਨਕਲਾਬੀ ਪ੍ਰੋਗਰਾਮ ਪੇਸ਼ ਕਰਕੇ ਮਿਸ਼ਨਰੀ ਸ਼ਬਦਾਂ ਨਾਲ ਸੰਗਤਾਂ ਅੰਦਰ ਇੱਕ ਨਵਾਂ ਉਤਸ਼ਾਹ ਭਰਿਆ।ਇਸ ਸ਼ਹੀਦੀ ਸਮਾਰੋਹ ਨੂੰ ਅਜਮੇਰ ਕਲੇਰ ਅਤੇ ਕਈ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਿਤ ਕਰਦਿਆਂ ਸੰਤਾਂ ਦੀ ਜੀਵਣੀ ਤੇ ਚਾਨਣਾ ਪਾਇਆ।ਗੁਰਦੁਆਰਾ ਸਾਹਿਬ  ਦੇ ਸਟੇਜ ਸਕੱਤਰ ਪਰਮਜੀਤ ਬੱਗਾ ਨੇ ਇਕ ਖਾਸ ਕਵਿਤਾ “ਜਦ ਜਾਵਾਂ ਸੱਚ ਖੰਡ ਬੱਲਾਂ ਨੂੰ ਮੈਨੂੰ ਮੁੱਖ ਨਾ ਦਿੱਸਦਾ ਤੇਰਾ ਜੀ'' ਭਾਵੁਕਤਾ ਨਾਲ ਸੰਗਤਾਂ ਅੱਗੇ ਪੇਸ਼ ਕੀਤੀ। 

ਇਸ ਮੌਕੇ ਤੇ “ਗੁਰੂ ਕਿਰਪਾ'' ਗਰੁੱਪ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੱਤ ਪਾਲ ਨੇ ਕਿਹਾ ਕਿ ਸਾਨੂੰ ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਉਪੱਰ ਡੱਟਵਾਂ ਪਹਿਰਾ ਦੇਣਾ ਚਾਹੀਦਾ ਹੈ ਤਦ ਹੀ ਸਤਿਗੁਰਾਂ ਦਾ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਵੱਸ ਸਕਦਾ ਹੈ।ਸਤਪਾਲ ਹੁਰਾਂ ਨੇ ਕਿਹਾ ਕਿ ਸਭ ਸੰਗਤਾਂ ਨੂੰ ਮਿਸ਼ਨ ਨਾਲ ਸਬੰਧਿਤ ਕਾਰਜ ਕਰਨੇ ਚਾਹੀਦੇ ਹਨ ਅਤੇ ਸੰਤਾਂ ਦੀ ਸ਼ਹੀਦੀ ਤੋਂ ਕੁੱਝ ਪ੍ਰੇਰਨਾ ਲੈਣੀ ਚਾਹੀਦੀ ਹੈ।


Related News