ਪੁਨਤੀਨੀਆ ਵਿਖੇ ਖੁੱਲ੍ਹਿਆ ਪਹਿਲਾ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ, ਭਾਈਚਾਰੇ ਨੂੰ ਕਰੇਗਾ ਹੋਰ ਮਜ਼ਬੂਤ

11/09/2019 10:04:31 AM

ਰੋਮ/ਇਟਲੀ(ਕੈਂਥ): ਇਟਲੀ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੂਬੇ ਲਾਸੀਓ ਦੇ ਸ਼ਹਿਰ ਪੁਨਤੀਨੀਆ (ਲਾਤੀਨਾ) ਵਿਖੇ ਇਟਾਲੀਅਨ ਲੋਕਾਂ ਨਾਲ ਪੰਜਾਬੀ ਖਾਣਿਆਂ ਅਤੇ ਪੰਜਾਬੀ ਸੱਭਿਆਚਾਰ ਦੀ ਗੂੜੀ ਸਾਂਝ ਪਾਉਣ ਹਿੱਤ ਐੱਚ.ਕੇ.ਟੀ. ਕਪੰਨੀ ਵੱਲੋਂ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਸ਼ਹਿਰ ਦੀ ਵਾਇਸ ਮੇਅਰ ਸ਼੍ਰੀਮਤੀ ਪਤਰੀਸੀਆ ਸਪੇਰਲੂਗਾ ਵੱਲੋਂ ਕੀਤਾ ਗਿਆ।ਵਾਇਸ ਮੇਅਰ ਪਤਰੀਸੀਆ ਸਪੇਰਲੂਗਾ ਨੇ ਇਸ ਮੌਕੇ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ,''ਦੋ ਦੇਸ਼ਾਂ ਦੇ ਸੱਭਿਆਚਾਰ ਨੂੰ ਆਪਸ ਵਿੱਚ ਇੱਕ-ਮਿਕ ਕਰਨ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਪ੍ਰਬੰਧਕ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ।ਇਸ ਰੈਸਟੋਰੈਂਟ ਦੇ ਮਾਧਿਅਮ ਰਾਹੀਂ ਇਟਾਲੀਅਨ ਲੋਕਾਂ ਨੂੰ ਜਿੱਥੇ ਭਾਰਤੀ ਤੇ ਪੰਜਾਬੀ ਖਾਣਿਆਂ ਦਾ ਸੁਆਦ ਚੱਖਣ ਦਾ ਮੌਕਾ ਮਿਲੇਗਾ ਉੱਥੇ ਹੀ ਉਹਨਾਂ ਇਟਾਲੀਅਨ ਲੋਕਾਂ ਨੂੰ ਵੀ ਭਾਰਤੀ ਸੱਚਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦਾ ਵਧੀਆ ਮੌਕਾ ਮਿਲੇਗਾ, ਜਿਹਨਾਂ ਨੂੰ ਪਹਿਲਾਂ ਕਦੀ ਭਾਰਤੀ ਸੱਭਿਆਚਾਰ ਸੰਬਧੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਨਹੀਂ ਮਿਲਿਆ ।ਉਮੀਦ ਹੈ ਕਿ ਸ਼ਹਿਰ ਵਿੱਚ ਬਣਿਆ ਇਹ ਰੈਸਟੋਰੈਂਟ ਪੁਨਤੀਨੀਆ ਦੇ ਇਟਾਲੀਅਨ ਤੇ ਭਾਰਤੀ ਭਾਈਚਾਰਾ  ਪਹਿਲਾਂ ਨਾਲੋਂ ਵੀ ਹੋਰ ਮਜ਼ਬੂਤ ਅਤੇ ਮਿਲਣਸਾਰ ਬਣਾਏਗਾ।''

ਇਸ ਮੌਕੇ ਐੱਚ.ਕੇ.ਟੀ. ਕਪੰਨੀ ਦੇ ਨੁਮਾਇੰਦੇ ਕਰਮਵੀਰ ਸਿੰਘ ਸੰਧੂ ਨੇ ਕਿਹਾ ਕਿ ਇਟਲੀ ਵਿੱਚ ਭਾਰਤੀ ਪੰਜਾਬੀਆਂ ਦੇ ਬੁਲੰਦ ਹੌਸਲਿਆਂ ਅਤੇ ਸਖ਼ਤ ਮਿਹਨਤਾਂ ਦਾ ਜਿਸ ਤਰ੍ਹਾਂ ਜ਼ਿਕਰ ਹੋ ਰਿਹਾ ਹੈ ਉਸ ਨਾਲ ਇਟਾਲੀਅਨ ਲੋਕ ਆਪ ਇਹ ਮੰਨਦੇ ਹਨ ਕਿ ਇਟਲੀ ਦੀ ਦਿਨੋ-ਦਿਨ ਹੋ ਰਹੀ ਤਰੱਕੀ ਵਿੱਚ ਭਾਰਤੀ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਟਲੀ ਦੇ ਭਾਰਤੀ ਭਾਈਚਾਰੇ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਕਾਰੋਬਾਰੀ ਖੇਤਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ।ਐੱਚ.ਕੇ.ਟੀ. ਕਪੰਨੀ ਵੱਲੋਂ ਖੋਲ੍ਹਿਆ ਰੋਇਲ ਪਟਿਆਲਾ ਭਾਰਤੀ ਰੈਸਟੋਰੈਂਟ ਇੱਕ ਉਪਰਾਲਾ ਹੈ ਕਿ ਇਟਾਲੀਅਨ ਭਾਈਚਾਰੇ ਨੂੰ ਭਾਰਤ ਦੇ ਕਲਚਰ ਸੰਬੰਧੀ ਢੁੱਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਦਾ, ਤਾਂ ਜੋ ਇਟਾਲੀਅਨ ਲੋਕ ਇਸ ਗੱਲ ਨੂੰ ਸਮਝ ਸਕਣ ਕਿ ਭਾਰਤੀ ਕਲਚਰ ਕਿੰਨਾ ਵਿਸ਼ਾਲ ਅਤੇ ਮਹੱਤਵਪੂਰਨ ਹੈ।ਇਸ ਉਦਘਾਟਨ ਸਮਾਰੋਹ ਮੌਕੇ ਨਗਰ ਕੌਂਸਲ ਪੁਨਤੀਨੀਆ ਵੱਲੋਂ ਸਿਮੋਨੇ ਪੋਪੋ, ਮਿਲਾਨੀ, ਇਟਲੀ ਦੀ ਸਮਾਜ ਸੇਵਕਾ ਪਤਰੀਸੀਆ ਸਪੋਜੀਤੋ,ਸੇਰਜੀਓ ਬਰੂਨੋ ਤੋਂ ਇਲਾਵਾ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸਖ਼ਸੀਅਤਾਂ ਹਾਜ਼ਰ ਸਨ ।ਇਸ ਸਮਾਰੋਹ ਵਿੱਚ ਸਮੂਲੀਅਤ ਕਰਨ ਲਈ ਐੱਚ.ਕੇ.ਟੀ. ਕਪੰਨੀ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।