ਇਟਲੀ ਪੁਲਸ ਨੇ ਹਵਾਈ ਅੱਡੇ ''ਤੇ ਚੋਰੀ ਕਰਨ ਵਾਲੇ 5 ਮੈਂਬਰਾਂ ਨੂੰ ਕੀਤਾ ਕਾਬੂ

10/09/2019 6:06:45 PM

ਰੋਮ/ਇਟਲੀ (ਕੈਂਥ)— ਏਅਰਪੋਰਟ ਕੌਂਸਲ ਇੰਟਰਨੈਂਸਨਲ ਵੱਲੋਂ ਜਦੋਂ ਦਾ ਇਟਲੀ ਦੀ ਰਾਜਧਾਨੀ ਰੋਮ ਸਥਿਤ ਫਿਊਮੀਚੀਨੋ ਏਅਰਪੋਰਟ ਨੂੰ ਦੂਜੀ ਵਾਰ ਯੂਰਪ ਦੇ ਵਧੀਆ ਏਅਰਪੋਰਟ ਦਾ ਰੁਤਬਾ ਦਿੱਤਾ ਗਿਆ, ਉਂਦੋ ਤੋਂ ਹੀ ਇਸ ਏਅਰਪੋਰਟ ਨੂੰ ਇੱਕ ਅੰਤਰਰਾਸ਼ਟਰੀ ਚੋਰਾਂ ਦੇ ਗਿਰੋਹ ਨੇ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਕਿਉਂਕਿ ਇਸ ਏਅਰਪੋਰਟ ਉਪੱਰ ਲੱਖਾਂ ਸੈਲਾਨੀ ਹਰ ਸਾਲ ਆਉਂਦੇ ਜਾਂਦੇ ਸਨ, ਜਿਸ ਦੇ ਮੱਦੇ ਨਜ਼ਰ ਹੀ ਚੋਰਾਂ ਨੇ ਇਸ ਏਅਰਪੋਰਟ ਨੂੰ ਉਚੇਚਾ ਚੁਣਿਆ ਸੀ ਪਰ ਇਟਲੀ ਦਾ ਪੁਲਸ ਪ੍ਰਸ਼ਾਸ਼ਨ ਪੂਰੀ ਇਟਲੀ ਵਿੱਚ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਲਈ ਜਿੱਥੇ ਬਾਜ਼ ਨਜ਼ਰ ਬਣਾਈ ਬੈਠਾ ਹੈ ਉੱਥੇ ਹੀ ਇਹ ਚੋਰਾਂ ਦੇ ਗਿਰੋਹ ਨੂੰ ਵੀ ਨੱਥ ਪਾਉਣ ਲਈ ਫੁਰਤੀ ਨਾਲ ਐਕਸ਼ਨ ਵਿੱਚ ਆਇਆ।

ਸਥਾਨਕ ਪੁਲਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਯਾਤਰੀਆਂ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਏਅਰਪੋਰਟ ਉਪੱਰ ਪਤਾ ਨਹੀਂ ਕਿਵੇਂ ਅਤੇ ਕੌਣ ਉਹਨਾਂ ਦਾ ਸਮਾਨ ਚੋਰੀ ਕਰਦਾ ਹੈ।ਨਿਰੰਤਰ ਸ਼ਿਕਾਇਤ ਮਿਲਣ ਕਾਰਨ ਪੁਲਸ ਨੂੰ ਸਮਝ ਨਹੀਂ ਸੀ ਆ ਰਹੀ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਕੌਣ ਅੰਜਾਮ ਦੇ ਰਿਹਾ ਹੈ।ਪੁਲਸ ਨੇ ਏਅਰਪੋਰਟ ਉਪੱਰ ਯਾਤਰੀਆਂ ਦੇ ਸਮਾਨ ਨੂੰ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਿਸ਼ਨ ਆਰੰਭਿਆ।ਪੁਲਸ ਨੂੰ ਇਸ ਮਿਸ਼ਨ ਵਿੱਚ ਜਲਦੀ ਹੀ ਵੱਡੀ ਸਫਲਤਾ ਉਂਦੋ ਮਿਲ ਗਈ ਜਦੋਂ ਪੁਲਸ ਨੇ ਪੂਰੇ ਏਅਰਪੋਰਟ ਉਪੱਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਯਾਤਰੀਆਂ ਦਾ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 5 ਸ਼ੱਕੀ ਵਿਅਕਤੀਆਂ ਨੂੰ ਦਬੋਚ ਲਿਆ।

ਪੁਲਸ ਮੁਤਾਬਕ ਇਹ ਗਿਰੋਹ ਕਿਰਾਏ ਉਪੱਰ ਟੈਕਸੀਆਂ ਲੈ ਕੇ ਰੋਮ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਲਈ ਚਲਾਉਂਦਾ ਸੀ।ਪੁਲਸ ਦਾ ਦਾਅਵਾ ਹੈ ਕਿ ਜਿਹੜੇ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਇੱਕ ਦਿਨ ਵਿੱਚ ਕੁਝ ਘੰਟਿਆਂ ਵਿੱਚ ਹੀ 50,000 ਯੂਰੋ ਤੋਂ ਵੱਧ ਦੀ ਜਾਇਦਾਦ ਛੂ ਮੰਤਰ ਕੀਤੀ ਹੈ।ਇਹ ਚੋਰ ਗਿਰੋਹ ਫਰਾਂਸ ਅਤੇ ਸਪੇਨ ਦਾ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਅਕਸਰ ਫਿਊਮੀਚੀਨੋ ਏਅਰਪੋਰਟ ਆਉਂਦਾ ਜਾਂਦਾ ਸੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਬਹੁਤ ਹੀ ਚਲਾਕੀ ਅਤੇ ਫੁਰਤੀ ਨਾਲ ਨਿਪਟਾਉਂਦਾ ਸੀ। ਜੇਕਰ ਸੀ.ਸੀ.ਟੀ.ਵੀ. ਕੈਮਰੇ ਨਾ ਲੱਗੇ ਹੁੰਦੇ ਤਾਂ ਇਸ ਚੋਰ ਗਿਰੋਹ ਨੂੰ ਕਾਬੂ ਕਰਨਾ ਕਾਫੀ ਮੁਸ਼ਕਿਲ ਸੀ।

ਇਸ ਚੋਰ ਗਿਰੋਹ ਨੂੰ ਪੁਲਸ ਨੇ ਮੁਸਾਫ਼ਿਰ ਚੋਰਾਂ ਦਾ ਨਾਮ ਦਿੱਤਾ ਹੈ ।ਜਦੋਂ ਇਹ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਤਾਂ ਯਾਤਰੀ ਦੇ ਧਿਆਨ ਨੂੰ ਭਟਕਾਉਣ ਲਈ ਆਪਣਾ ਸਾਰਾ ਧਿਆਨ ਉਸ ਉਪੱਰ ਕੇਂਦਰਿਤ ਕਰ ਦਿੰਦੇ ਸਨ ਤੇ ਬਹੁਤ ਸਫ਼ਾਈ ਨਾਲ ਇੱਕ ਬੰਦਾ ਯਾਤਰੀ ਨਾਲ ਗੱਲਬਾਤ ਕਰਦਾ ਤੇ ਦੂਜਾ ਸਮਾਨ ਚੋਰੀ ਕਰ ਰਫੂ ਚੱਕਰ ਹੋ ਜਾਂਦਾ।ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਚੋਰ ਗਿਰੋਹ ਬਹੁਤ ਹੀ ਫੁਰਤੀ ਨਾਲ ਆਪਣੇ ਕੱਪੜੇ ਵੀ ਬਦਲ ਲੈਂਦਾ ਸੀ।ਇਸ ਗਿਰੋਹ ਕੋਲੋ ਪੁਲਸ ਨੇ ਕੁਝ ਸਮਾਨ ਬਰਾਮਦ ਕਰਕੇ ਸਮਾਨ ਦੇ ਸਹੀ ਮਾਲਕਾਂ ਤੱਕ ਪਹੁੰਚਾ ਵੀ ਦਿੱਤਾ ਹੈ ਤੇ ਬਾਕੀ ਦੀ ਜਾਂਚ ਚੱਲ ਰਹੀ ਹੈ। ਪੁਲਸ ਇਸ ਕੇਸ ਵਿੱਚ 7 ਹੋਰ ਵਿਅਕਤੀਆਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।ਇਲਾਕੇ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਖ਼ਬਰ ਦੇ ਮਾਧਿਅਮ ਨਾਲ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਏਅਰਪੋਰਟ ਉਪੱਰ ਆਉਂਦੇ ਜਾਂਦੇ ਹੋਏ ਪੂਰੀ ਤਰ੍ਹਾਂ ਚੁਸਤੀ ਵਰਤਣ ਤਾਂ ਜੋ ਉਹਨਾਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਘੱਟ ਸਕੇ।


Vandana

Content Editor

Related News