ਇਟਲੀ : PM ਮੇਲੋਨੀ ਨੇ ਜਿੱਤਿਆ ਵਿਸ਼ਵਾਸ ਵੋਟ ਪਰ ਪ੍ਰਵਾਸੀਆਂ ''ਚ ਡਰ ਦਾ ਮਾਹੌਲ

10/27/2022 2:33:07 PM

ਰੋਮ (ਵਾਰਤਾ): ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਨੇ ਸੰਸਦ ਦੇ ਉਪਰਲੇ ਸਦਨ ਵਿਚ ਚੰਗੇ ਫਰਕ ਨਾਲ ਭਰੋਸੇ ਦੀ ਵੋਟ ਜਿੱਤ ਲਈ ਹੈ।ਜਦੋਂ ਬੁੱਧਵਾਰ ਨੂੰ ਸੈਨੇਟ ਵਿੱਚ ਅੰਤਮ ਗਿਣਤੀ ਹੋਈ ਤਾਂ ਮੇਲੋਨੀ ਦੀ ਸਰਕਾਰ ਦੀ ਪੁਸ਼ਟੀ ਕਰਨ ਦੇ ਹੱਕ ਵਿੱਚ 115, ਜਦਕਿ 79 ਉਸਦੇ ਵਿਰੁੱਧ ਪਏ ਅਤੇ ਪੰਜ ਹੋਰ ਗੈਰਹਾਜ਼ਰ ਰਹੇ। ਮੰਗਲਵਾਰ ਨੂੰ ਸਰਕਾਰ ਨੇ ਸੰਸਦ ਦੇ ਹੇਠਲੇ ਸਦਨ ਵਿੱਚ 235 ਵੋਟਾਂ ਦੇ ਨਾਲ ਭਰੋਸੇ ਦੀ ਵੋਟ ਹਾਸਲ ਕੀਤੀ ਸੀ ਜਦਕਿ ਇਸ ਦੇ ਵਿਰੋਧ ਵਿੱਚ 154 ਵੋਟ ਪਏ ਅਤੇ ਪੰਜ ਗੈਰ ਹਾਜ਼ਰ ਰਹੇ। ਦੋ ਭਰੋਸੇ ਦੀਆਂ ਵੋਟਾਂ ਹਾਸਲ ਕਰਨਾ ਨਵੀਂ ਸਰਕਾਰ ਨੂੰ ਪੂਰੀ ਤਰ੍ਹਾਂ ਕੰਮ ਕਰਨ ਲਈ ਇਟਲੀ ਦੇ ਸੰਵਿਧਾਨ ਦੁਆਰਾ ਲੋੜੀਂਦਾ ਕਦਮ ਹੈ। 

ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੇਲੋਨੀ ਨੇ ਬੁੱਧਵਾਰ ਨੂੰ ਭਰੋਸੇ ਦੇ ਵੋਟ ਤੋਂ ਪਹਿਲਾਂ ਸੰਸਦ ਨੂੰ ਦੱਸਿਆ ਕਿ ਉੱਚ ਊਰਜਾ ਲਾਗਤਾਂ ਨੂੰ ਰੋਕਣਾ, ਮਜ਼ਬੂਤ​ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਯੂਕ੍ਰੇਨ ਲਈ ਸਮਰਥਨ ਜਾਰੀ ਰੱਖਣਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਮਜ਼ਬੂਤ​ਕਰਨਾ ਉਨ੍ਹਾਂ ਦੇ ਨੀਤੀਗਤ ਟੀਚਿਆਂ ਵਿੱਚ ਸ਼ਾਮਲ ਹੈ।ਮੇਲੋਨੀ ਬ੍ਰਦਰਜ਼ ਆਫ਼ ਇਟਲੀ ਪਾਰਟੀ ਸਤੰਬਰ ਵਿੱਚ ਇਟਲੀ ਵਿੱਚ ਸਭ ਤੋਂ ਵੱਧ ਵੋਟਰ ਸਨ। 25 ਸਤੰਬਰ ਨੂੰ ਹੋਈਆਂ ਆਮ ਚੋਣਾਂ ਵਿੱਚ ਇਟਾਲੀਅਨ ਪਾਰਟੀ ਨੇ 26 ਫੀਸਦੀ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਇਸਨੇ ਆਪਣੇ ਦੋ ਗੱਠਜੋੜ ਭਾਈਵਾਲਾਂ, ਫੋਰਜ਼ਾ ਇਟਾਲੀਆ ਪਾਰਟੀ ਅਤੇ ਲੀਗ ਨਾਲ ਪ੍ਰਚਾਰ ਕੀਤਾ, ਦੋਵਾਂ ਨੂੰ ਅੱਠ ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ। ਮੇਲੋਨੀ ਦੁਆਰਾ ਬਣਾਈ ਗਈ ਨਵੀਂ ਸਰਕਾਰ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਸਹੁੰ ਚੁੱਕੀ।

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਦਾ ਅਹਿਮ ਫ਼ੈਸਲਾ, ਸਾਰੇ ਰਾਜਾਂ 'ਚ 'ਸਮਲਿੰਗੀ ਵਿਆਹ' ਨੂੰ ਮਿਲੀ ਕਾਨੂੰਨੀ ਮਾਨਤਾ

ਮੇਲੋਨੀ ਦੇ ਸੱਤਾ ਵਿਚ ਆਉਣ ਨਾਲ ਪ੍ਰਵਾਸੀ ਖੌਫ ਵਿਚ

ਇਟਲੀ ਦੀ ਨਵੀਂ ਚੁਣੀ ਪ੍ਰਧਾਨ ਮੰਤਰੀ ਅਤੇ ਕੱਟੜ ਰਾਸ਼ਟਰਵਾਦੀ ਜੌਰਜੀਆ ਮੇਲੋਨੀ ਦੇ ਸੱਤਾ ਵਿਚ ਆਉਣ ਨਾਲ ਕੁਝ ਤਬਕਿਆਂ ਵਿਚ  ਡਰ ਦਾ ਮਾਹੌਲ ਹੈ।ਇਹਨਾਂ ਵਿਚ ਪ੍ਰਵਾਸੀ, ਮੁਸਲਿਮ ਅਤੇ ਐਲਜੀਬੀਟੀਕਿਊ ਭਾਈਚਾਰੇ ਦੇ ਲੋਕ ਪ੍ਰਮੁੱਖ ਹਨ।ਇੱਥੇ ਰਹਿਣ ਵਾਲੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਮੇਲੋਨੀ ਦੇ ਸਖ਼ਤ ਰੱਵਈਏ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਅਸੀਂ ਇੱਥੇ ਕਈ ਸਾਲਾ ਤੋਂ ਵਪਾਰ ਕਰ ਰਹੇ ਹਾਂ। ਲਾਈਸੈਂਸ ਰਿਨਿਊ ਜਿਹੀਆਂ ਚੀਜ਼ਾਂ ਵਿਚ ਸਮੱਸਿਆ ਆ ਸਕਦੀ ਹੈ।ਅਸਲ ਵਿਚ ਮੇਲੋਨੀ ਨੇ ਕਿਹਾ ਸੀ ਕਿ ਉਹ ਪ੍ਰਵਾਸੀਆਂ ਨੂੰ ਰੋਕਣ ਲਈ ਸਮੁੰਦਰ ਦੇ ਰਸਤੇ 'ਤੇ ਰੋਕ ਲਗਾ ਦੇਵੇਗੀ। ਮਾਹਰਾਂ ਮੁਤਾਬਕ ਸਮੁੰਦਰੀ ਰਸਤੇ 'ਤੇ ਰੋਕ ਲਗਾਉਣ ਨਾਲ ਵਪਾਰ ਪ੍ਰਭਾਵਿਤ ਹੋਵੇਗਾ।

ਮੇਲੋਨੀ ਨੇ ਗਰਭਪਾਤ ਦੇ ਕਾਨੂੰਨ ਬਾਰੇ ਕਹੀ ਇਹ ਗੱਲ

ਇਟਲੀ ਦੇ ਮਹਿਲਾ ਅਧਿਕਾਰ ਸਮੂਹ ਨੂੰ ਚਿੰਤਾ ਹੈ ਕਿ ਕਿਤੇ ਔਰਤਾਂ ਤੋਂ ਗਰਭਪਾਤ ਅਧਿਕਾਰ ਨਾ ਖੋਹ ਲਿਆ ਜਾਵੇ। ਅਸਲ ਵਿਚ ਮੇਲੋਨੀ ਦੇ ਗਠਜੋੜ ਦੇ ਸਹਿਯੋਗੀ ਦਲ ਅਤੇ ਉਹਨਾਂ ਦੀ ਪਾਰਟੀ ਦੇ ਨੇਤਾ ਕਈ ਵਾਰ ਗਰਭਪਾਤ ਨੂੰ ਈਸਾਈ ਧਰਮ ਦੇ ਖ਼ਿਲਾਫ਼ ਦੱਸ ਚੁੱਕੇ ਹਨ। ਹਾਲਾਂਕਿ ਮੇਲੋਨੀ ਨੇ ਸਾਫ ਕੀਤਾ ਹੈ ਕਿ ਉਹ ਫਿਲਹਾਲ ਗਰਭਪਾਤ ਦੇ ਕਾਨੂੰਨ ਵਿਚ ਕੋਈ ਤਬਦੀਲੀ ਨਹੀਂ ਕਰੇਗੀ। ਇਟਲੀ ਨੂੰ ਔਰਤਾਂ ਨੂੰ 90 ਦਿਨ ਦੇ ਅੰਦਰ ਗਰਭਪਾਤ ਕਰਾਉਣ ਦੀ ਇਜਾਜ਼ਤ ਹੈ, ਇਸ ਤੋਂ ਬਾਅਦ ਨਹੀਂ।

ਸਮਲਿੰਗੀ ਛੱਡ ਰਹੇ ਦੇਸ਼

ਐਲਜੀਬੀਟੀਕਿਊ ਭਾਈਚਾਰੇ ਦੇ ਵਿਰੋਧੀ ਲੋਰੇਂਜੋ ਫੋਂਟਾਨਾ ਨੂੰ ਹੇਠਲੇ ਸਦਨ ਦਾ ਸਪੀਕਰ ਬਣਾਇਆ ਗਿਆ ਹੈ। ਇਸ ਦੇ ਬਾਅਦ ਤੋਂ ਹੀ ਇਸ ਭਾਈਚਾਰੇ ਦੇ ਕਈ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਇਟਲੀ ਦੇ ਪਹਿਲੇ ਸਮਲਿੰਗੀ ਸੰਗਠਨ ਆਕਿੰਗੇ ਦੇ ਪ੍ਰਧਾਨ ਗੈਬਰੀਏਲ ਪਿਆਜੋਨੀ ਨੇ ਕਿਹਾ ਕਿ ਇਹ ਮੁਸ਼ਕਲ ਦੌਰ ਹੈ। ਅਸੀਂ ਸਮਲਿੰਗੀ ਜੌੜਿਆਂ ਲਈ ਬੱਚਾ ਗੋਦ ਲੈਣ ਦਾ ਅਧਿਕਾਰ ਮੰਗ ਰਹੇ ਸੀ ਪਰ ਹੁਣ ਹਾਲਾਤ ਬਦਤਰ ਹੋ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana