ਚੀਨ ਦੇ ਓ.ਬੀ.ਓ.ਆਰ ਪ੍ਰਾਜੈਕਟ ''ਚ ਸ਼ਾਮਲ ਹੋਇਆ ਇਟਲੀ

03/24/2019 12:07:51 PM

ਰੋਮ (ਬਿਊਰੋ)— ਚੀਨ ਦੇ ਅਭਿਲਾਸ਼ੀ ਪ੍ਰਾਜੈਕਟ 'ਵਨ ਬੈਲਟ ਵਨ ਰੋਡ' (ਓ.ਬੀ.ਓ.ਆਰ.) ਦੇ ਨਾਲ ਹੁਣ ਯੂਰਪੀ ਦੇਸ਼ ਇਟਲੀ ਵੀ ਜੁੜ ਗਿਆ ਹੈ। ਇਟਲੀ ਨੇ ਚੀਨ ਦੇ ਨਾਲ ਇਕ ਐੱਮ.ਓ.ਐੱਮ. (Memorandum of understanding) 'ਤੇ ਓ.ਬੀ.ਓ.ਆਰ. 'ਤੇ ਦਸਤਖਤ ਕੀਤੇ ਹਨ। ਇਸ ਸਾਂਝੀ ਪਹਿਲ ਦੇ ਤਹਿਤ ਦੋਵੇਂ ਦੇਸ਼ ਅਫਰੀਕਾ, ਯੂਰਪ ਅਤੇ ਹੋਰ ਮਹਾਦੀਪਾਂ ਵਿਚ ਬੰਦਰਗਾਹ, ਪੁਲ ਅਤੇ ਬਿਜਲੀਘਰ ਦਾ ਨਿਰਮਾਣ ਕੰਮ ਕਰਨਗੇ। ਇਟਲੀ ਅਤੇ ਚੀਨ ਵਿਚਾਲੇ 2.5 ਬਿਲੀਅਨ ਯੂਰੋ ਦਾ ਸਮਝੌਤਾ ਹੋਇਆ। ਇਟਲੀ ਜੀ-7 ਦਾ ਪਹਿਲਾ ਦੇਸ਼ ਹੈ ਜਿਸ ਨੇ ਚੀਨ ਨਾਲ ਇੰਨੀ ਮਹੱਤਵਪੂਰਣ ਹਿੱਸੇਦਾਰੀ ਸ਼ੁਰੂ ਕੀਤੀ ਹੈ। ਯੂਰਪ ਵਿਚ ਚੀਨ ਦੇ ਦਖਲ ਦੇ ਤੌਰ 'ਤੇ ਵਿਸ਼ਲੇਸ਼ਕ ਇਸ ਨੂੰ ਦੇਖ ਰਹੇ ਹਨ।

ਇਟਲੀ ਵਲੋਂ ਇਹ ਸਹਿਮਤੀ ਅਜਿਹੇ ਸਮੇਂ ਵਿਚ ਕੀਤੀ ਗਈ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਦੇ ਹਾਲਾਤ ਬਣੇ ਹੋਏ ਹਨ। ਚੀਨ ਦੀ ਕੋਸ਼ਿਸ਼ ਯੂਰਪੀ ਦੇਸ਼ਾਂ ਨੂੰ ਆਪਣੇ ਵੱਲ ਕਰਨ ਦੀ ਹੈ। ਇਟਲੀ ਅਤੇ ਚੀਨ ਦੀ ਇਸ ਦੋਸਤੀ ਨਾਲ ਅਮਰੀਕਾ ਨਾਰਾਜ਼ ਹੈ। ਜੀ-7 ਦੇਸ਼ਾਂ ਵਿਚ ਅਮਰੀਕਾ ਵੀ ਸ਼ਾਮਲ ਹੈ। ਜ਼ਾਹਰ ਹੈ ਕਿ ਇਟਲੀ ਦੇ ਇਸ ਕਦਮ ਨਾਲ ਤਣਾਅ ਵੱਧ ਸਕਦਾ ਹੈ। ਦੂਜੇ ਪਾਸੇ ਯੂਰਪੀ ਯੂਨੀਅਨ ਦੇ ਵੀ ਕਈ ਦੇਸ਼ ਇਸ ਨੂੰ ਯੂਰਪ ਵਿਚ ਚੀਨ ਵੱਲੋਂ ਦਖਲ ਵਧਾਉਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖ ਰਹੇ ਹਨ।

ਯੂਰਪੀ ਯੂਨੀਅਨ ਦੇ ਕੁਝ ਦੇਸ਼ਾਂ ਨੇ ਚੀਨ ਦੀ ਸੰਵੇਦਨਸ਼ੀਲ ਤਕਨੀਕ ਹਾਸਲ ਕਰਨ ਅਤੇ ਮਹੱਤਵਪੂਰਣ ਟਰਾਂਸਪੋਰਟ ਹੱਬ 'ਤੇ ਕਬਜ਼ਾ ਕਰਨ ਨੂੰ ਲੈ ਕੇ ਖਦਸ਼ਾ ਜ਼ਾਹਰ ਕੀਤਾ ਹੈ। ਭਾਵੇਂਕਿ ਇਟਲੀ ਦੇ ਡਿਪਟੀ ਪੀ.ਐੱਮ. ਲੁਇਗੀ ਡੀ ਮਾਓ ਨੇ ਇਨ੍ਹਾਂ ਸਾਰੇ ਸ਼ੱਕਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਰੋਮ ਲਈ ਅੱਜ ਵੀ ਆਪਣੇ ਯੂਰਪੀ ਸਾਥੀ ਮਹੱਤਵਪੂਰਣ ਹਨ। ਪਰ ਜੇਕਰ ਗੱਲ ਦੇਸ਼ ਦੇ ਵਪਾਰਕ ਹਿੱਤਾਂ ਦੀ ਹੋਵੇ ਤਾਂ ਅਸੀਂ ਇਟਲੀ ਨੂੰ ਸਭ ਤੋਂ ਪਹਿਲਾਂ ਦੇ ਸਿਧਾਂਤ 'ਤੇ ਚੱਲਦੇ ਹਾਂ।

ਡੀ ਮਾਓ ਨੇ ਇਸ ਸਮਝੌਤੇ ਨੂੰ ਇਟਲੀ ਦੀ ਜਿੱਤ ਦੱਸਦਿਆਂ ਕਿਹਾ,''ਅੱਜ ਸਾਡੇ ਲਈ ਬਹੁਤ ਮਹੱਤਵਪੂਰਣ ਦਿਨ ਹੈ। ਅੱਜ 'ਮੇਡ ਇਨ ਇਟਲੀ' ਦੀ ਜਿੱਤ ਹੋਈ ਹੈ। ਇਟਲੀ ਦੀਆਂ ਕੰਪਨੀਆਂ ਦੀ ਜਿੱਤ ਹੋਈ ਹੈ।'' ਇਟਲੀ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ 'ਤੇ ਉਨ੍ਹਾਂ ਨੇ ਇਕ ਸ਼ਾਨਦਾਰ ਵਿਲਾ ਵਿਚ ਸਮਝੌਤੇ 'ਤੇ ਦਸਤਖਤ ਕੀਤੇ। ਇਟਲੀ ਨੂੰ ਉਮੀਦ ਹੈ ਕਿ ਇਸ ਕਦਮ ਜ਼ਰੀਏ ਉਹ ਆਪਣੇ ਦੇਸ਼ ਦੀਆਂ ਰਵਾਇਤੀ ਬੰਦਰਗਾਹਾਂ ਨੂੰ ਨਵੇਂ ਸਿਰੇ ਨਾਲ ਪ੍ਰਭਾਵੀ ਕਰ ਸਕਦਾ ਹੈ।

Vandana

This news is Content Editor Vandana