ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

10/01/2018 10:18:53 AM

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਨਾਲ ਲੱਗਦੇ ਸ਼ਹਿਰ ਲਵੀਨੀਓ ਵਿਚ ਰਹਿੰਦੀਆਂ ਗੁਰਸਿੱਖ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਇਕ ਵਿਸ਼ਾਲ ਨਗਰ ਦੇ ਰੂਪ ਵਿਚ ਮਨਾਇਆ ਗਿਆ। ਸਾਂਝੀਵਾਲਤਾ ਦੇ ਉਪਦੇਸ਼ ਲਈ ਜਾਣੇ ਜਾਂਦੇ ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀਓ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਨਗਰ ਕੀਰਤਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਪੰਜ ਨਿਸ਼ਾਨਚੀ ਸਿੰਘ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਤੋਂ ਹੋਈ ਜੋ ਲਵੀਨੀਓ ਦੇ ਵੱਖ-ਵੱਖ ਰਸਤਿਆਂ ਤੇ ਬਜ਼ਾਰਾਂ ਵਿਚੋਂ ਗੁਜਰਦੇ ਹੋਏ ਸਟੇਸ਼ਨ ਵਾਲੇ ਚੌਕ ਵਿਚ ਪੁੱਜਿਆ, ਜਿਸ ਵਿਚ ਸਥਾਨਕ ਲੋਕਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। 

ਇਸ ਮੌਕੇ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਸਤਪਾਲ ਸਿੰਘ ਗਰਚਾ ਵਲੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ। ਇਸ ਉਪਰੰਤ ਸਥਾਨਕ ਸਿੱਖ ਆਗੂਆਂ ਵਲੋਂ ਆਈਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦੇ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਦੀ ਗੱਲ ਆਖੀ ਗਈ। ਗੁਰੂ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦੇ ਰਸਤਿਆਂ ਵਿਚ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਇਆ ਗਿਆ। ਪ੍ਰਸ਼ਾਸ਼ਨ ਆਧਿਕਾਰੀਆਂ ਵੱਲੋਂ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਤਰੀਕੇ ਕਰਵਾਉਣ ਲਈ ਪੂਰਨ ਸਹਿਯੋਗ ਦਿੱਤਾ ਗਿਆ।