ਇਟਲੀ ''ਚ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਆਯੋਜਿਤ

10/13/2019 1:11:33 PM

ਰੋਮ/ਇਟਲੀ (ਕੈਂਥ)— ਜਿਵੇਂ ਕਿ ਇਹ ਸਾਰਾ ਸਾਲ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਪਰਤ ਹੈ । ਇਸ ਕਰਕੇ ਪੂਰੀ ਦੁਨੀਆ ਵਿਚ ਜਿੱਥੇ-ਜਿੱਥੇ ਵੀ ਸਿੱਖ ਸੰਗਤ ਬੈਠੀ ਹੈ । ਉਥੇ-ਉਥੇ ਹੀ ਪੂਰੀ ਦੁਨੀਆ ਵਿਚ ਨਾਨਕ ਨਾਮਲੇਵਾ ਸੰਗਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਹਨ । ਇਹ ਸਾਰਾ ਸਾਲ ਹੀ ਪੂਰੀ ਦੁਨੀਆ ਵਿਚ ਸਿੱਖ ਸੰਗਤਾਂ ਪ੍ਰਕਾਸ਼ ਦਿਹਾੜੇ ਨੂੰ ਸਮਪਰਤ ਨਗਰ ਕੀਰਤਨਾਂ ਦਾ ਸੁੱਮਚੇ ਵਿਸ਼ਵ ਵਿਚ ਸੰਚਾਰ ਕਰ ਰਹੀਆਂ ਹਨ । 

ਇਸੇ ਲੜੀ ਤਹਿਤ ਅੱਜ ਇਟਲੀ ਦੇ ਸ਼ਹਿਰ ਬੈਰਗਾਮੋਂ ਦੇ ਪਿੰਡ ਕੋਵੋ ਦੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ (ਕੋਵੋ) ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਉਪਰਾਲਾ ਕਰਕੇ ਰੋਮਾਨੋ ਦੀ ਲਾਬਰਾਦੀਆਂ ਸ਼ਹਿਰ ਵਿਚ ਅੱਜ ਪੂਰੇ 2 ਵਜੇ ਤੋਂ ਲੈ ਕੇ ਸਾਢੇ 5 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਵਿਚ ਨਗਰ ਕੀਰਤਨ ਦੀ ਪ੍ਰਕਰਮਾ ਕੀਤੀ ਗਈ । ਇਸ ਸਮੇਂ ਸਿੱਖ ਧਰਮ ਦੇ ਵੱਖ-ਵੱਖ ਸਲੋਗਨਾਂ ਦਾ ਇਟਾਲੀਅਨ ਭਾਸ਼ਾ ਵਿਚ ਅਨੁਵਾਦ ਕੀਤੇ ਹੋਏ ਸਲੋਗਨ ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥਾਂ ਵਿਚ ਫੜ੍ਹੇ ਹੋਏ ਸਨ, ਜੋ ਕਿ ਸਿੱਖ ਧਰਮ ਦੇ ਉਦੇਸ਼ਾਂ ਦਾ ਪ੍ਰਦਰਸ਼ਨ ਕਰਦੇ ਸਨ । 

ਉਪਰੰਤ ਔਰਾ-ਤੋਰੀਓ ਕਾਪਸ਼ੀਨੀ ਵਿਖੇ ਸਜਾਏ ਗਏ ਪੰਡਾਲ ਵਿਚ ਸੰਗਤਾਂ ਨੂੰ ਗਿਆਨੀ ਓਕਾਰ ਸਿੰਘ ਦੇ ਢਾਡੀ ਜਥੇ ਨੇ ਸਿੱਖ ਧਰਮਾਂ ਦੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ । ਨਗਰ ਕੀਰਤਨ ਪਿਆਸੇ ਤੋਂ ਸ਼ੁਰੂ ਹੋਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੋਕੇ ਮੁੜ ਕੇ ਵਾਪਸ ਔਰਾ-ਤੋਰੀਓ ਵਿਚ ਹੀ ਸਮਾਪਤ ਹੋਇਆ । ਇਸ ਸਮੇਂ ਬੀਬੀ ਹਰਮਨਜੋਤ ਕੌਰ ਨੇ ਆਏ ਹੋਏ  ਇਟਾਲੀਅਨ ਲੋਕਾਂ ਨੂੰ ਇਟਾਲੀਅਨ ਭਾਸ਼ਾ ਵਿਚ ਸਿੱਖ ਧਰਮ ਦਾ ਇਤਿਹਾਸ ਅਤੇ ਸਿੱਖ ਧਰਮ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । 

ਇਸ ਸਮੇਂ ਇੰਗਲੈਂਡ ਤੋਂ ਵਿਸ਼ੇਸ਼ ਤੋਰ ਤੇ ਆਏ ਹੋਏ ਸ਼੍ਰੀ ਅਵਤਾਰ ਸਿੰਘ ਪੰਨੂੰ ਨੇ ਸੰਨ 2020 ਦੇ ਸਿੱਖ ਰੈਫਰੰਡਮ ਬਾਰੇ ਵਿਸਥਾਰਪੂਵਰਕ ਜਾਣਕਾਰੀ ਦਿੱਤੀ ਅਤੇ ਇਸ ਵਿਚ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਵੱਧ ਚੜ੍ਹਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ । ਉਹਨਾਂ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਇਟਲੀ ਤੋਂ ਸਿੱਖ ਸੰਗਤਾਂ ਸਵਿਟਜ਼ਰਲੈਂਡ ਦੇ ਯੂ.ਐਨ.ਓ. ਵਿਚ ਵੱਧ ਤੋਂ ਵੱਧ ਰੋਸ ਮੁਜ਼ਾਹਰੇ ਵਿਚ ਪਹੁੰਚ ਕੇ 1984 ਦੇ ਸਿੱਖ ਨਸਲਖਾਤ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਗਟ ਕਰਨ ਲਈ ਪਹੁੰਚਣ । 

ਇਸ ਸਮੇਂ ਸ੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ ਗੁਰੂਘਰ ਦੀ ਸਮੁਚੀ ਪ੍ਰਬੰਧਕ ਕਮੇਟੀ ਨੇ ਵੱਡੇ ਪੱਧਰ ਤੇ ਸਮੁਚੇ ਉਤਰੀ ਇਟਲੀ ਵਿਚੋਂ ਆਈਆਂ ਹੋਈਆਂ ਸਿੱਖ ਸੰਗਤਾਂ ਲਈ ਖਾਣ ਪੀਣ ਦੇ ਲੰਗਰਾਂ ਦੇ ਵੱਖ-ਵੱਖ ਸਟਾਲ ਲਗਾਏ ਹੋਏ ਸਨ । ਜਿੱਥੇ ਸਿੱਖ ਸੰਗਤਾਂ ਨੇ ਵੱਖ- ਵੱਖ ਸਵਾਦੀ ਭੋਜਨਾਂ ਦਾ ਅਨੰਦ ਮਾਣਿਆ । ਇਸ ਸਮੇਂ ਇੰਟਰਨੈਸ਼ਨਲ ਪੰਥਕ ਦੱਲ ਰੋਮ ਵੱਲੋਂ ਦਸਤਾਰ ਦਾ ਕੈਂਪ ਲਗਾਕੇ ਇਟਾਲੀਅਨਾਂ ਲੋਕਾਂ ਅਤੇ ਸਿੱਖ ਸੰਗਤਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ । ਸਮੁੱਚੀ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ (ਕੋਵੋਂ) ਵੱਲੋਂ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ ਗਿਆ । ਅਤੇ ਖਾਸ ਤੌਰ ਤੇ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਬੈਰਗਾਮੋ ਵਾਲਿਆ ਦਾ ਜਿਹਨਾਂ ਨੇ ਲੰਗਰਾਂ ਦੀ ਅਟੁਟ ਸੇਵਾ ਨਿਭਾਈ ।

Vandana

This news is Content Editor Vandana