ਇਟਲੀ ਦੀ ਖੇਤੀ-ਬਾੜੀ ਮੰਤਰੀ ਗੈਰ-ਕਾਨੂੰਨੀ ਕਾਮਿਆਂ ਨੂੰ ਪੇਪਰ ਦਿਵਾਉਣ ਲਈ ਪੱਬਾਂ ਭਾਰ

05/05/2020 6:23:15 PM

ਰੋਮ (ਦਲਵੀਰ ਕੈਂਥ): ਇਟਲੀ ਵਿੱਚ ਲਾਕਡਾਊਨ ਖੁੱਲ੍ਹਦਿਆਂ ਹੀ ਜਿੱਥੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਰੇਲਗੱਡੀ ਪੱਟੜੀ ਉਪੱਰ ਚਾੜਨ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਟਲੀ ਭਰ ਵਿੱਚ ਗੈਰ-ਕਾਨੂੰਨੀ ਪ੍ਰਵਾਸ ਕੱਟ ਰਹੇ ਖੇਤੀ ਕਾਮਿਆਂ ਲਈ ਨੂੰ ਇਟਲੀ ਦੇ ਪੇਪਰ ਦੇਣ ਲਈ ਇਟਲੀ ਦੀ ਖੇਤੀ-ਬਾੜੀ ਮੰਤਰੀ ਮੈਡਮ ਤੇਰੇਜਾ ਬੈਲਾਨੋਵਾ ਨੇ ਇੱਕ ਵਾਰ ਫਿਰ ਆਵਾਜ਼ ਬੁੰਲਦ ਕਰ ਦਿੱਤੀ ਹੈ। ਜਦੋਂ ਕਿ ਉਹਨਾਂ ਪਹਿਲਾਂ ਵੀ ਮਾਰਚ ਵਿੱਚ ਇਟਲੀ ਦੀ ਕੇਂਦਰ ਸਰਕਾਰ ਨੂੰ ਪਾਰਲੀਮੈਂਟ ਵਿੱਚ ਆਪਣਾ ਪ੍ਰਸਤਾਵ ਭੇਜਿਆ ਸੀ ਕਿ ਇਟਲੀ ਵਿੱਚ 6 ਲ਼ੱਖ ਉਹ ਲੋਕ ਹਨ ਜਿਹੜੇ ਕਿ ਬਿਨਾਂ ਪੇਪਰਾਂ ਤੋਂ ਇਟਲੀ ਵਿੱਚ ਰਹਿ ਕੇ ਕੰਮ ਕਰਦੇ ਹਨ ਪਰ ਇਹਨਾਂ ਤੋਂ ਸਰਕਾਰ ਨੂੰ ਕੋਈ ਟੈਕਸ ਨਹੀਂ ਆ ਰਿਹਾ। 

ਇਹ ਪ੍ਰਸਤਾਵ ਮੈਡਮ ਤੇਰੇਜਾ ਬੈਲਾਨੋਵਾ ਵੱਲੋਂ ਸਰਕਾਰ ਨੂੰ ਉਦੋਂ ਭੇਜਿਆ ਗਿਆ ਸੀ ਜਦੋਂ ਇਟਲੀ ਭਰ ਵਿੱਚ ਕੋਵਿਡ-19 ਦੀ ਤਬਾਹੀ ਸਿਖ਼ਰ 'ਤੇ ਸੀ ਇਸ ਲਈ ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਪਰ ਹੁਣ ਜਦੋਂ ਕਿ ਇਟਲੀ ਵਿੱਚ ਲਾਕਡਾਊਨ ਖੁੱਲ੍ਹ ਗਿਆ ਹੈ ਤਾਂ ਖੇਤੀ-ਬਾੜੀ ਮੰਤਰੀ ਮੈਡਮ ਤੇਰੇਜਾ ਬੈਲਾਨੋਵਾ ਨੇ ਆਪਣੇ ਪ੍ਰਸਤਾਵ ਨੂੰ ਲਾਗੂ ਕਰਵਾਉਣ ਲਈ ਜੰਗੀ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਇਹ ਸਰਕਾਰ ਨੂੰ ਦਲੀਲ ਦਿੱਤੀ ਹੈ ਕਿ ਦੇਸ਼ ਵਿੱਚ ਲੱਖਾਂ ਗੈਰ-ਕਾਨੂੰਨੀ ਕਾਮੇ ਘਰਾਂ ਵਿੱਚ ਬੰਦ ਹਨ ਕਿਉਂਕਿ ਉਹਨਾਂ ਕੋਲ ਕੋਈ ਪਹਿਚਾਣ ਨਹੀਂ ਹੈ ਅਤੇ ਨਾਂਹੀ ਕੰਮ ਹੈ। ਅਜਿਹੇ ਵਿੱਚ ਉਹ ਆਪਣਾ ਢਿੱਡ ਭਰਨ ਲਈ ਸੁਭਾਵਿਕ ਹੈ ਅਪਰਾਧਾਂ ਵੱਲ ਮੁੜਨਗੇ।ਸਰਕਾਰ ਨੂੰ ਜਲਦ ਹੀ ਇਹਨਾਂ ਗੈਰ-ਕਾਨੂੰਨੀ ਕਾਮਿਆਂ ਲਈ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਕਾਮੇ ਇਟਲੀ ਤੋਂ ਬਾਹਰ ਗਏ ਸਨ ਉਹ ਕੋਵਿਡ-19 ਕਾਰਨ ਵਾਪਸ ਇਟਲੀ ਨਹੀਂ ਆ ਸਕੇ ਜਦੋਂ ਕਿ ਇਸ ਸਮੇਂ ਇਟਲੀ ਦੇ ਖੇਤੀ ਵਿੱਚ ਕਾਮਿਆਂ ਦੀ ਸਖ਼ਤ ਜ਼ਰੂਰਤ ਹੈ।

ਜਿਹੜੇ ਕਾਮੇ ਇਟਲੀ ਦੇ ਖੇਤਾਂ ਵਿੱਚ ਕੰਮ ਕਰਦੇ ਹਨ ਉਹਨਾਂ ਵਿੱਚ 75% ਵਿਦੇਸ਼ੀ ਹਨ।ਗੈਰ-ਕਾਨੂੰਨੀ ਕਾਮੇ ਇਟਲੀ ਭਰ ਵਿੱਚ ਜ਼ਿਆਦਾਤਰ ਖੇਤੀ ਅਤੇ ਘਰੇਲੂ ਕੰਮਕਾਰ ਕਰਦੇ ਹਨ ਜੇਕਰ ਸਰਕਾਰ ਇਹਨਾਂ ਨੂੰ ਨਿਯਮਿਤ ਕਰਦੀ ਹੈ ਤਾਂ ਦੇਸ਼ ਦੇ ਖਜ਼ਾਨੇ ਵਿੱਚ ਲੱਖਾਂ ਯੂਰੋ ਆਉਣੇ ਸ਼ੁਰੂ ਹੋ ਜਾਣਗੇ।ਸਰਕਾਰ ਇਹਨਾਂ ਕਾਮਿਆਂ ਨੂੰ ਪਹਿਲਾਂ 6 ਮਹੀਨੇ ਦੀ ਹੀ ਨਿਵਾਸ ਆਗਿਆ ਦੇਵੇ ਬਾਅਦ ਵਿੱਚ ਰਿਨਿਊ ਕਰੇ ਪਰ ਦੇਵੇ ਜ਼ਰੂਰ। ਇਸ ਸਮੇਂ ਇਟਲੀ ਦੀ ਲੜਖੜਾ ਰਹੀ ਆਰਥਿਕਤਾ ਨੂੰ ਸਥਿਰ ਕਰਨ ਲਈ ਇਹ ਸਭ ਤੋਂ ਯੋਗ ਫੈਸਲਾ ਹੋਵੇਗਾ।ਇਟਲੀ ਦੇ ਇਲਾਕੇ ਵੇਨੇਤੋ ਵਿਖੇ ਖੇਤੀ ਦੇ ਮਾਲਕ ਆਪਣੇ ਕਾਮਿਆਂ ਤੋ 3 ਪ੍ਰਤੀ ਘੰਟਾ ਕੰਮ ਕਰਵਾਉਂਦੇ ਹਨ ਜਿਹੜਾ ਕਿ ਅਪਰਾਧ ਹੈ ਪਰ ਇਹ ਕਾਮੇ ਗੈਰ-ਕਾਨੂੰਨ ਹੋਣ ਕਾਰਨ ਮਜਬੂਰੀ ਵੱਸ ਕੰਮ ਕਰਦੇ ਹਨ। ਇਸ ਕੰਮ ਨਾਲ ਕਾਮਿਆਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਸਰਕਾਰ ਦਾ ਵੀ। ਜਦੋਂ ਕਿ ਸਾਰਾ ਮੁਨਾਫ਼ਾ ਮਾਲਿਕ ਲੈ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ 'ਤੇ ਪਰਤੇ

ਦੇਸ਼ ਦੇ ਹੋਰ ਸੂਬਿਆਂ ਵਿੱਚ ਅਜਿਹਾ ਹੀ ਕੁਝ ਹੁੰਦਾ ਹੈ।ਸੰਬਧਿਤ ਖੇਤੀ ਦੇ ਮਾਲਕ ਗੈਰ-ਕਾਨੂੰਨੀ ਖੇਤੀ ਕਾਮਿਆਂ ਦਾ ਰੱਜ ਕੇ ਸੋਸ਼ਣ ਕਰਦੇ ਹਨ।ਇਟਲੀ ਸਰਕਾਰ ਜਲਦ ਤੋਂ ਜਲਦ ਇਹਨਾਂ ਕਾਮਿਆਂ ਨੂੰ ਨਿਯਮਤ ਕਰੇ ਤਾਂ ਜੋ ਸਰਕਾਰ ਨੂੰ ਟੈਕਸ ਆਉਣਾ ਸੁਰੂ ਹੋਵੇ।ਦੂਜੇ ਪਾਸੇ ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਵੀ ਪਹਿਲਾਂ ਹੀ ਗੈਰ-ਕਾਨੂੰਨੀ ਖੇਤੀ ਕਾਮਿਆਂ ਨੂੰ ਨਿਯਮਤ ਕਰਨ ਲਈ ਕਾਫ਼ੀ ਸੰਜੀਦਾ ਹੈ ਅਤੇ ਇਹ ਮਾਮਲਾ ਉਹਨਾਂ ਦੇ ਵਿਚਾਰ ਅਧੀਨ ਹੈ।ਇਟਲੀ ਸਰਕਾਰ ਜਲਦ ਹੀ ਇਸ ਬਾਬਤ ਕੋਈ ਫੈਸਲਾ ਐਲਾਨ ਸਕਦੀ ਹੈ।ਅਜਿਹੇ ਹਾਲਤਾਂ ਵਿੱਚ ਮੰਨਿਆ ਜਾ ਰਿਹਾ ਕਿ ਇਟਲੀ ਦੇ ਗੈਰ-ਕਾਨੂੰਨੀ ਕਾਮਿਆਂ ਦੀ ਪਿਛਲੇ 8 ਸਾਲਾਂ ਤੋਂ ਡੱਕੇ-ਡੋਲੇ ਖਾ ਰਹੀ ਕਿਸ਼ਤੀ ਪਾਰ ਲੱਗ ਸਕਦੀ ਹੈ ਜਿਸ ਨਾਲ ਇਹ ਵਿਚਾਰੇ ਜਿਹਨਾਂ ਕਈ ਸਾਲਾਂ ਤੋਂ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ ਉਹਨਾਂ ਨੂੰ ਮਿਲ ਸਕਣਗੇ।
 

Vandana

This news is Content Editor Vandana