ਇਟਲੀ ''ਚ ਵਫਾਦਾਰ ਕੁੱਤਾ ਬੀਤੇ 10 ਸਾਲ ਤੋਂ ਕਰ ਰਿਹੈ ਮਾਲਕ ਦੀ ਉਡੀਕ

05/27/2019 4:53:31 PM

 ਰੋਮ/ਇਟਲੀ (ਕੈਂਥ)— ਅੱਜ ਜਦੋਂ ਕਿ ਇਨਸਾਨ, ਇਨਸਾਨੀ ਕਦਰਾਂ ਕੀਮਤਾਂ ਨੂੰ ਵਿਸਾਰ ਸੁਆਰਥ ਵੱਸ ਹੋ ਕੇ ਖੂਨ ਅਤੇ ਪਿਆਰ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਕੇ ਪਤਾ ਨਹੀਂ ਕਿਉਂ ਮਨੁੱਖਤਾ ਦੀ ਹੋਂਦ ਖਤਮ ਕਰਨ ਵੱਲ ਹੋ ਤੁਰਿਆ ਹੈ ।ਅਜੋਕੇ ਸਮਾਜ ਵਿੱਚ ਭਰਾ ਦਾ ਭਰਾ ਵੈਰੀ, ਪੁੱਤ ਪਿਉ ਦਾ ਵੈਰੀ ਅਤੇ ਚੇਲਾ ਗੁਰੂ ਦਾ ਵੈਰੀ ਆਦਿ ਪਤਾ ਨਹੀਂ ਹੋਰ ਕਿੰਨੇ ਕੁ ਰਿਸ਼ਤਿਆਂ ਦੀ ਨਾਸਮਝੀ ਕਾਰਨ ਆਪਣੇ-ਆਪਣਿਆਂ ਨੂੰ ਹੀ ਖੁਦ ਮਾਰਦੇ ਹਨ ਜਾਂ ਮਰਨ ਦੇ ਦੂਜੇ ਦਿਨ ਹੀ ਭੁਲਾ ਦਿੰਦੇ ਹਨ ।ਅਜਿਹੇ ਮਾਹੌਲ ਵਿੱਚ ਜੇਕਰ ਕੋਈ ਜਾਨਵਰ ਆਪਣੇ ਸਾਲਾਂ ਪਹਿਲਾਂ ਮਰੇ ਮਾਲਕ ਦੀ ਕਬਰ ਉਪੱਰ ਜਾ ਕੇ ਉਸ ਨੂੰ ਯਾਦ ਕਰਦਾ ਹੋਵੇ ਤਾਂ ਗੱਲ ਦਿਲ ਦੇ ਆਰ-ਪਾਰ ਹੋ ਜਾਂਦੀ ਹੈ ਪਰ ਇਹ ਘਟਨਾ 16 ਆਨੇ ਸੱਚ ਹੈ।ਇਹ ਘਟਨਾ ਇਟਲੀ ਦੇ ਸੂਬੇ ਕੰਪਾਨੀਆ ਵਿੱਚ ਵਸੇ ਸ਼ਹਿਰ ਇਸਕਿਆ ਦੀ ਹੈ ਜਿੱਥੇ ਕਿ ਇੱਕ ਨਿਕੋਲੇਤਾ ਨਾਮ ਦੇ ਕੁੱਤੇ ਵੱਲੋਂ ਆਪਣੇ ਮਾਲਕ ਨਾਲ ਉਸ ਦੀ ਮੌਤ ਦੇ ਬਾਅਦ ਵੀ ਨਿਭਾਈ ਜਾ ਰਹੀ ਅਲੌਕਿਕ ਵਫ਼ਾਦਾਰੀ ਲੋਕਾਂ ਲਈ ਪ੍ਰੇਰਨਾ ਬਣ ਰਹੀ ਹੈ।

ਨਿਕੋਲੇਤਾ ਦੀ ਵਫ਼ਾਦਾਰੀ ਦੇ ਚਰਚੇ ਇਟਲੀ ਦੇ ਰਾਸ਼ਟਰੀ ਅਖ਼ਬਾਰ “ਲਾ ਰਿਪਬਲਿਕਾ'' ਨੇ ਛਾਪਦਿਆਂ ਉਸ ਦੀ ਵਫ਼ਾਦਾਰੀ ਨੂੰ ਅਲੌਕਿਕ ਵਫ਼ਾਦਾਰੀ ਵਜੋਂ ਅਮਰ ਕਰਾਰ ਦਿੱਤਾ ਹੈ। 29 ਜਨਵਰੀ 2009 ਨੂੰ ਮਰੇ ਅਲਫਰੇਡ ਨਾਮ ਦੇ ਵਿਅਕਤੀ ਨੂੰ ਉਸ ਦੇ ਰਿਸ਼ਤੇਦਾਰਾਂ ਵੱਲੋਂ ਇਸਕਿਆ ਅਧੀਨ ਆਉਂਦੇ ਪਨਾਜਾ ਦੇ ਨਿੱਕੇ ਜਿਹੇ ਕਬਰਸਤਾਨ ਵਿਖੇ ਦਫ਼ਨਾਇਆ ਗਿਆ।ਇਸ ਕਬਰ ਨੂੰ ਹੀ ਮਰਹੂਮ ਅਲਫਰੇਡ ਦੇ ਵਫ਼ਾਦਾਰ ਨਿਕੋਲੇਤਾ ਨਾਮ ਦੇ ਕੁੱਤੇ ਨੇ ਆਪਣਾ ਘਰ ਬਣਾਉਂਦਿਆ ਪਿਛਲੇ 10 ਸਾਲਾਂ ਤੋਂ ਆਪਣੇ ਮਾਲਕ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।ਇਹਨਾਂ 10 ਸਾਲਾਂ ਵਿੱਚ ਕਬਰਸਤਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਨਿਕੋਲੇਤਾ ਦੀ ਦੇਖਭਾਲ ਕੀਤੀ ਅਤੇ ਉਸ ਨੂੰ ਖਾਣਾ ਦਿੰਦੇ ਰਹੇ।

ਕਬਰਸਤਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਮੁਤਾਬਕ ਨਿਕੋਲੇਤਾ ਉਹਨਾਂ ਦਾ ਬਹੁਤ ਚੰਗਾ ਦੋਸਤ ਹੈ ਜਿਸ ਦੀ ਕਿ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਸਿਹਤ ਠੀਕ ਨਹੀਂ ਹੈ।ਨਿਕੋਲੇਤਾ ਦੇ ਬੀਮਾਰ ਹੋਣ ਨਾਲ ਉਸ ਦੀ ਦੇਖ-ਭਾਲ ਕਰਨ ਵਾਲੇ ਸਾਰੇ ਲੋਕ ਨਿਰਾਸ਼ ਹਨ ਪਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਸ ਮਾਲਕ ਨੂੰ ਨਿਕੋਲੇਤਾ ਪਿਛਲੇ 10 ਸਾਲਾਂ ਤੋਂ ਨਹੀਂ ਭੁੱਲਿਆ ਹੁਣ ਉਹ ਜਲਦ ਉਸ ਕੋਲ ਚਲਾ ਜਾਵੇਗਾ।ਇਟਲੀ ਦੇ ਇਸ ਕੁੱਤੇ ਦੀ ਕਹਾਣੀ ਜਾਪਾਨ ਦੇ ਉਸ ਹਚੀਕੋ ਨਾਮ ਦੇ ਕੁੱਤੇ ਨਾਲ ਮੇਲ ਖਾਂਦੀ ਹੈ ਜਿਸ ਨੇ ਕਿ ਲਗਾਤਾਰ 10 ਸਾਲ ਆਪਣੇ ਮਾਲਕ ਦੇ ਆਉਣ ਦਾ ਇੰਤਜ਼ਾਰ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਕੀਤਾ।ਬੇਸ਼ੱਕ ਇਹ ਜਾਨਵਰ ਹਨ ਪਰ ਵਫ਼ਾਦਾਰੀ ਵਿੱਚ ਇਹ ਅੱਜ ਦੇ ਇਨਸਾਨ ਨੂੰ ਪਛਾੜ ਰਹੇ ਹਨ। ਅਜਿਹੇ ਵਫ਼ਾਦਾਰ ਨੂੰ ਸਾਨੂੰ ਸਦਾ ਦਿਲੋਂ ਸਲਾਮ ਕਰਨਾ ਚਾਹੀਦਾ ਹੈ।

Vandana

This news is Content Editor Vandana