ਭਾਰਤੀ ਅੰਬੈਸੀ ਰੋਮ ਨੇ ਇਟਲੀ ਦੀਆਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ

04/14/2020 4:55:43 PM

ਰੋਮ (ਕੈਂਥ): ਦੇਸ਼-ਵਿਦੇਸ਼ ਵਿੱਚ ਜਿੱਥੇ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਥੇ ਹੀ ਸਮੁੱਚੀ ਸਿੱਖ ਕੌਮ ਵਲੋਂ ਵੀ ਖਾਲਸਾ ਸਾਜਨਾ ਦਿਵਸ ਜਿਸ ਨੂੰ ਕਿ 13 ਅਪ੍ਰੈਲ 1699 ਨੂੰ ਸਾਹਿਬੇ ਕਮਾਲ ਦਸ਼ਮੇਸ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਦਾ ਸਾਜਨਾ ਦਿਵਸ ਅੱਜ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।ਦੁਨੀਆ ਵਿਚ ਕੋਰੋਨਾਵਾਇਰਸ ਕਾਰਨ ਚੱਲ ਰਹੇ ਸੰਕਟ ਕਾਰਨ ਇਟਲੀ ਭਰ ਵਿੱਚ ਕੋਈ ਵੀ ਇੱਕਠ ਨਹੀ ਕੀਤਾ ਗਿਆ। ਸਗੋਂ ਸਾਰੀਆਂ ਸੰਗਤਾਂ ਵੱਲੋਂ ਘਰਾਂ ਵਿਚ ਜਿਥੇ ਸ਼ਰਧਾ ਅਤੇ ਭਗਤੀ ਨਾਲ ਗੁਰੁ ਸਾਹਿਬ ਦੇ ਪਾਠ ਕਰ ਕੀਤੇ ਗਏ ਉਥੇ ਹੀ ਭਾਰਤੀ ਅੰਬੈਸੀ ਰੋਮ ਵਲੋਂ ਵੀ ਖਾਲਸਾ ਪੰਥ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।

ਇਸ ਸਮਾਗਮ ਸਬੰਧੀ ਇੰਡੀਆ ਤੋਂ ਆਏ ਭਾਈ ਬਲਦੀਪ ਸਿੰਘ ਹੁਰਾ ਨੇ ਇਲਾਹੀ ਬਾਣੀ ਦਾ ਆਨ ਲਾਈਨ ਕੀਰਤਨ ਕੀਤਾ। ਜਿਸ ਨੂੰ ਇਟਲ਼ੀ ਦੀਆਂ ਸੰਗਤਾਂ ਤੋਂ ਇਲਾਵਾ ਹੋਰ ਵੀ ਸੰਗਤਾਂ ਨੇ ਸਰਵਣ ਕੀਤਾ।ਇਸ ਮੌਕੇ ਭਾਰੀ ਸਾਹਿਬ ਨੇ ਕਿਹਾ ਕਿ ਉਹਨਾ ਦੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੰਗਤਾਂ ਗੁਰਦੁਆਰਾ ਸਾਹਿਬ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕੋਰੋਨਾ ਸੰਕਟ ਕਾਰਨ ਨਹੀਂ ਜਾ ਸਕਦੀਆਂ ਪਰ ਫਿਰ ਵੀ ਸੰਗਤਾਂ ਘਰ ਵਿੱਚ ਹੀ ਗੁਰਬਾਣੀ ਦਾ ਓਟ ਆਸਰਾ ਲੈਕੇ ਗੁਰਪੁਰਬ ਮਨਾਉਣ ਅਤੇ ਦੁਨੀਆ ਦੇ ਭਲੇ ਲਈ ਅਰਦਾਸ ਕਰਨ ।ਇਸ ਮੌਕੇ ਮੈਡਮ ਰੀਨਤ ਸੰਧੂ ਐਬੰਸਡਰ ਭਾਰਤੀ ਅੰਬੈਸੀ ਰੋਮ ਵਲੋਂ ਵੀ ਇਟਲੀ ਦੇ ਭਾਰਤੀਆਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ।
 


Vandana

Content Editor

Related News