ਸਾਰੇ ਭਾਈਚਾਰਿਆਂ ਨੂੰ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ : ਕੈਲਾਸ਼ ਬੰਗੜ

01/28/2020 2:25:03 PM

ਰੋਮ (ਕੈਂਥ): 26 ਜਨਵਰੀ ਗਣਤੰਤਰ ਦਿਵਸ ਦੇ ਮਹਾਨ ਪੂਰਵ ਦੇ ਸਬੰਧ ਵਿਚ ਇੱਥੇ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੀ ਉਚੇਚੀ ਮੀਟਿੰਗ ਪ੍ਰਧਾਨ ਕੈਲਾਸ਼ ਬੰਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸ਼ਾਮਲ ਬੁਲਾਰਿਆਂ ਨੇ ਦੇਸ਼ ਬਦੇਸ਼ਾਂ ਵਿਚ ਵਸਦੇ ਸਾਰੇ ਭਾਰਤ ਵਾਸੀਆਂ ਨੂੰ ਇਸ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਭਾਰਤ ਦੇਸ਼ ਦੇ ਸੰਵਿਧਾਨ ਤੇ ਇਸ ਦੀ ਮਹੱਤਤਾ ਵਾਰੇ ਜਾਗਰੂਕ ਕੀਤਾ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਰਾਕੇਸ਼ ਕੁਮਾਰ ਜੱਖੂ ਨੇ ਦੱਸਿਆ ਕਿ ਮੀਟਿੰਗ ਵਿਚ ਸ਼ੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਵਾਰੇ ਵੀ ਚਰਚਾ ਕੀਤੀ ਗਈ, ਜਿਸ ਵਿਚ ਇੱਕ ਵਿਅਕਤੀ ਜੋ ਇੱਕ ਵੀਡੀਓ ਰਾਹੀਂ ਭਾਰਤੀ ਝੰਡੇ ਤੇ ਸੰਵਿਧਾਨ ਨੂੰ ਸਾੜਨ ਦੀ ਗੱਲ ਕਰਦਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ। 

ਸੰਸਥਾ ਦੇ ਸਰਪ੍ਰਸਤ ਗਿਆਨ ਚੰਦ ਸੂਦ ਨੇ ਇਸ ਮਾਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਨੂੰ ਇਹੋ ਜਿਹੀ ਘਟੀਆ ਮਾਨਸਿਕਤਾ ਤੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਕਿ ਦੇਸ਼ ਦੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕੇ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੀ ਜਨਤਾ ਇਸ ਪ੍ਰਤੀ ਅਵੇਸਲੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹੋ ਜਿਹੀ ਮਾੜੀ ਸੋਚ ਵਾਲੇ ਲੋਕ ਭਾਰਤ ਦੇਸ਼ ਦੇ ਮਹਾਨ ਸੰਵਿਧਾਨ ਨੂੰ ਬਰਬਾਦ ਕਰ ਦੇਣਗੇ, ਸੋ ਸਾਨੂੰ ਅਜਿਹੇ ਲੋਕਾਂ ਤੇ ਅਜਿਹੀ ਮਾੜੀ ਸੋਚ ਤੋਂ ਸੁਚੇਤ ਰਹਿਣ ਦੀ ਲੋੜ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਰਬਜੀਤ ਵਿਰਕ ਨੇ ਕਿਹਾ ਕਿ ਅੱਜ ਸਾਨੂੰ ਦੇਸ਼ ਦੇ ਘੱਟ ਗਿਣਤੀਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ, ਬੋਧੀਆ, ਐੱਸ. ਸੀ /ਐੱਸ ਟੀ ਤੇ ਓ ਬੀ ਸੀ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ, ਕਿਉਂਕਿ ਸਮੇਂ ਦੀਆਂ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਨੇ ਦੇਸ਼ ਦੇ ਸੰਵਿਧਾਨ ਆਵਾਮ ਨੂੰ ਕਦੇ ਜਾਗਰੂਕ ਹੀ ਨਹੀਂ ਕੀਤਾ। 

ਆਪਣੇ ਸੰਬੋਧਨ ਵਿਚ ਸੰਸਥਾ ਦੇ ਪ੍ਰਧਾਨ ਨੇ ਕੈਲਾਸ਼ ਬੰਗੜ ਨੇ ਕਿਹਾ ਕਿ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਸਾਰੇ ਭਾਈਚਾਰੇ ਇਕੱਠੇ ਹੋ ਕੇ ਆਪਣੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਹੋਈਏ ਤੇ ਆਪਣੀ ਆਵਾਜ਼ ਬੁਲੰਦ ਕਰੀਏ, ਤਾਂ ਜੋ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਦੇਸ਼ ਸਿਰਜ ਸਕੀਏ। ਮੀਟਿੰਗ ਦੇ ਅਖੀਰ ਵਿਚ ਜਨਰਲ ਸਕੱਤਰ ਲੇਖ ਰਾਜ ਜੱਖੂ ਨੇ ਮੀਟਿੰਗ ਵਿਚ ਹਾਜ਼ਰ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਸੰਸਥਾ ਵੱਲੋਂ 26 ਜਨਵਰੀ ਗਣਤੰਤਰ ਦਿਵਸ ਦੀ ਸਾਰੇ ਦੇਸ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸੰਸਥਾਪਕ ਗਿਆਨ ਚੰਦ ਸੂਦ, ਚੇਅਰਮੈਨ ਸਰਬਜੀਤ ਵਿਰਕ, ਪ੍ਰਧਾਨ ਕੈਲਾਸ਼ ਬੰਗੜ, ਜਨਰਲ ਸਕੱਤਰ ਲੇਖ ਰਾਜ ਜੱਖੂ, ਸਟੇਜ ਸਕੱਤਰ ਅਸ਼ਵਨੀ ਕੁਮਾਰ, ਵਾਈਸ ਪ੍ਰਧਾਨ ਅਜਮੇਰ ਕਲੇਰ, ਕੁਲਵਿੰਦਰ ਲੋਈ, ਰਾਮ ਕ੍ਰਿਸ਼ਨ, ਦੇਸ ਰਾਜ ਜੱਸਲ, ਬਲਵਿੰਦਰ ਝਮਟ, ਸ਼ਾਮ ਲਾਲ ਟੂਰਾ ਸਮੇਤ ਸਾਰੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
 

Vandana

This news is Content Editor Vandana