ਸ਼ਾਨਦਾਰ ਤਰੀਕੇ ਨਾਲ ਸਪੰਨ ਹੋਇਆ ਇਟਲੀ ''ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

08/22/2017 3:31:04 PM

ਮਿਲਾਨ/ਇਟਲੀ (ਸਾਬੀ ਚੀਨੀਆ,ਕੈਂਥ)— ਨੌਜਵਾਨ ਸਭਾ ਲੀਦੋ ਦੀ ਪਿੰਨੀ ਵੱਲੋਂ ਇਟਲੀ ਦੀ ਰਾਜਧਾਨੀ ਰੋਮ ਨੇੜੇ ਕਰਵਾਇਆ ਗਿਆ ਦੂਜਾ ਕਬੱਡੀ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ । ਬਾਅਦ ਦੁਪਹਿਰ ਸ਼ੁਰੂ ਹੋਏ ਉਦਘਾਟਨੀ ਮੈਚ 'ਚ ਯਾਰੀਆ ਸਪੋਰਟਸ ਕਲੱਬ ਲਵੀਨੀਓ ਦੀ ਟੀਮ ਨੇ ਫਿਰੈਂਸਾ ਪਾਰਮਾ ਕਲੱਬ ਨੂੰ, ਨੋਵੇਲਾਰਾ ਸਪੋਰਟਸ ਕਲੱਬ ਦੇ ਖਿਡਾਰੀਆ ਨੇ ਨਾਪੋਲੀ ਦੀ ਟੀਮ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਜਦ ਕਿ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ 'ਚ ਫਿਰੈਂਸਾ ਪਾਰਮਾ ਦੀ ਟੀਮ ਨੇ ਨਾਪੋਲੀ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਬੱਚਿਆਂ ਦੀਆਂ ਦੌੜਾਂ 'ਚ ਜੇਤੂ ਰਹੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਕਮੈਂਟੈਟਰ ਬੱਬੂ ਜਲੰਧਰੀ ਨੇ ਮਿੱਠੇ ਬੋਲਾ ਰਾਹੀਂ ਖੂਬ ਰੰਗ ਬੰਨ੍ਹਿਆ । ਮੁੱਖ ਪ੍ਰਬੰਧਕ ਪ੍ਰਮਿੰਦਰ ਸਿੰਘ ਨਿਵਰੈਲ, ਰਾਜਵਿੰਦਰ ਸਿੰਘ ਰਾਜਾ,ਜਰਨੈਥਲ ਸਿੰਘ ਆਦਿ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਦੌਰਾਨ ਖੇਡ ਪ੍ਰੇਮੀਆਂ ਨੇ ਇਕ-ਇਕ ਅੰਕ 'ਤੇ ਤਾੜੀਆਂ ਨਾਲ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਬੈਸਟ ਧਾਵੀ ਤੇ ਜਾਫੀ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਥਾਨਕ ਪ੍ਰਸ਼ਾਸ਼ਨ ਵੱਲੋਂ ਕਬੱਡੀ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਸਾਰੇ ਜਰੂਰੀ ਪ੍ਰਬੰਧ ਕੀਤੇ ਗਏ ਸਨ। ਸਾਬਕਾ ਕਬੱਡੀ ਖਿਡਾਰੀ ਵਿੱਕੀ ਚੀਨੀਆ, ਰਾਜੂ ਰਾਮੂਵਾਲ ਤੇ ਜੱਸਾ ਜਲਾਲਦੀਵਾਲ ਵੱਲੋਂ ਮੈਚ ਰੈਫਰੀ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਕਬੱਡੀ ਕੋਚ ਸੱਤਾ ਮੀਆਂਵਿੰਡ, ਖੇਡ ਪ੍ਰੋਮਟਰ ਮੋਹਣ ਸਿੰਘ ਹੇਲਰਾਂ ਸਮੇਤ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਲਵੀਨੀਓ ਤੇ ਸ਼ਹੀਦ ਭਗਤ ਸਭਾ ਰੋਮ ਦੇ ਆਗੂਆਂ ਸਮੇਤ ਕਈ ਹੋਰ ਮੁੱਖ ਸ਼ਖਸ਼ੀਅਤਾਂ ਮੌਜੂਦ ਸਨ, ਜਿਨ੍ਹਾਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਕਰਵਾਏ ਗਏ ਖੇਡ ਮੇਲੇ ਦੀ ਰੱਜਵੀ ਪ੍ਰਸ਼ੰਸ਼ਾ ਕੀਤੀ ਗਈ।