ਇਟਲੀ ''ਚ ਹੋਈ ਸਿੱਖਾਂ ਅਤੇ ਈਸਾਈਆਂ ਦੀ ਪਹਿਲੀ ਇਤਿਹਾਸਕ ਧਾਰਮਿਕ ਕਾਨਫਰੰਸ

10/02/2018 10:34:37 AM

ਮਿਲਾਨ/ਇਟਲੀ (ਸਾਬੀ ਚੀਨੀਆ)— ਸਿੱਖੀ ਸੇਵਾ ਸੁਸਾਇਟੀ ਇਟਲੀ ਦੁਆਰਾ ਇਟਲੀ 'ਚ ਸਿੱਖੀ ਪ੍ਰਚਾਰ ਲਈ ਸੁਚੱਜੇ ਢੰਗ ਨਾਲ ਉਪਰਾਲੇ ਜਾਰੀ ਹਨ। ਜਿਸ ਤਹਿਤ ਇਸ ਸੰਸਥਾ ਦੁਆਰਾ ਇਟਾਲੀਅਨ ਚਰਚ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ ਸਿੱਖਾਂ ਅਤੇ ਈਸਾਈਆਂ ਦੀ ਇਟਲੀ ਦੇ ਵਿਰੋਨਾ ਸ਼ਹਿਰ ਵਿਖੇ ਪਹਿਲੀ ਧਾਰਮਿਕ ਕਾਨਫਰੰਸ ਕਰਵਾਈ ਗਈ, ਜਿਸ ਵਿਚ ਇਟਲੀ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁੰਮਾਇਦਿਆਂ ਅਤੇ ਵੈਟੀਕਨ ਸਿਟੀ ਤੋਂ ਅਧਿਕਾਰੀਆਂ ਤੇ ਧਾਰਮਿਕ ਫਿਲਾਸਫਰਾਂ, ਚਿੰਤਕਾਂ ਤੇ ਬੁੱਧੀਜੀਵੀਆਂ ਨੇ ਪਹੁੰਚ ਕੇ ਆਪੋ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।

ਈਸਾਈਆਂ ਅਤੇ ਪਵਿੱਤਰ ਵੈਟੀਕਨ ਸਿਟੀ ਤੋਂ ਬਿਸ਼ਪ ਮਿਗੁਲ ਆਈਯਸ ਅਤੇ ਫਾਦਰ ਸਨਤੀਆਗੋ ਅਤੇ ਇਤਾਲਵੀ ਚਰਚ ਐਸ਼ੋਸੀਏਸ਼ਨ ਦੇ ਡੋਨ ਕਰੀਸੀਆਨੋ ਬਤੇਗਾ ਨੇ ਵੀ ਉਚੇਚੇ ਤੌਰ ਤੇ ਇਸ ਇਤਿਹਾਸਕ ਕਾਨਫਰੰਸ 'ਚ ਸ਼ਿਰਕਤ ਕੀਤੀ।ਕਾਨਫਰੰਸ ਦੌਰਾਨ ਸਿੱਖਾਂ ਤੇ ਈਸਾਈਆਂ ਵਿਚਕਾਰ ਧਾਰਮਿਕ ਸਾਂਝੀਵਾਲਤਾ ਵਧਾਉਣ ਲਈ ਅਤੇ ਹੋਰ ਵੱਖ- ਵੱਖ ਪਹਿਲੂਆਂ ਤੇ ਪਰਚੇ ਵੀ ਪੜ੍ਹੇ ਗਏ। ਵੈਟੀਕਨ ਅਧਿਕਾਰੀਆਂ ਨੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਰਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਵੀ ਕੀਤਾ।ਇਸ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਦੁਆਰਾ ਇਤਾਲਵੀ ਭਾਸ਼ਾ 'ਚ ਛਾਪਿਆ ਗਿਆ ਧਾਰਮਿਕ ਲਿਟਰੇਚਰ ਵੀ ਵੰਡਿਆ ਗਿਆ ਅਤੇ ਚਰਚ ਅਧਿਕਾਰੀਆਂ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕੀਤਾ ਗਿਆ।