ਇਟਲੀ : 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਨੂੰ ਵੇਖਕੇ ਇਟਾਲੀਅਨ ਹੋਏ ਗੱਦ ਗੱਦ

10/18/2019 11:01:19 AM

ਮਿਲਾਨ/ਇਟਲੀ (ਸਾਬੀ ਚੀਨੀਆ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਦੁਨੀਆ ਦੇ ਹਰ ਦੇਸ਼ ਵਿਚ ਵੱਸਦੇ ਭਾਰਤੀਆਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਰੋਮ ਦੇ ਅੰਤਰਰਾਸ਼ਟਰੀ ਏਅਰ ਪੋਰਟ ਦੇ ਨਾਲ ਲੱਗਦੇ ਕਸਬਾ ਫਰਿਜੇਨੇ, ਮਕਾਰੇਸੇ ਤੇ ਲਾਦੀਸਪੋਲੀ ਦੀਆਂ ਸਮੂਹ ਸੰਗਤਾਂ ਵੱਲੋਂ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮਹਾਨ ਸਮਾਗਮ ਵਿਚ ਵੱਡੀ ਗਿਣਤੀ ਵਿਚ ਪੁੱਜੇ ਇਟਾਲੀਅਨ ਅਧਿਕਾਰੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਉਨਾਂ ਦੀ ਜੀਵਨ ਸ਼ੈਲੀ ਤੇ ਉਪਦੇਸ਼ ਨੂੰ ਅਪਨਾਉਣ ਦੀ ਗੱਲ ਆਖੀ।

ਇਸ ਮੌਕੇ ਸਥਾਨਕ ਮੇਅਰ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਉਨ੍ਹਾਂ ਨੇ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਗਵਾਈ ਹੋਵੇਗੀ ਪਰ ਸਿੱਖਾਂ ਧਰਮ ਵੱਲੋਂ ਕਰਵਾਏ ਇਸ ਧਾਰਮਿਕ ਸਮਾਗਮ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਇਹ ਸਮਾਗਮ ਉਨਾਂ ਦੀ ਜ਼ਿੰਦਗੀ ਦੀ ਅਭੁੱਲ ਯਾਦ ਬਣਕੇ ਹਮੇਸ਼ਾ ਲਈ ਨਾਲ ਰਹੇਗਾ। ਭਾਈ ਮਨਜੀਤ ਸਿੰਘ ਜੱਸੋਮਜਾਰਾ ਨੇ ਗੁਰੂ ਨਾਨਕ ਸਾਹਿਬ ਦੀ ਕੁਦਰਤੀ ਸੋਮਿਆਂ ਨੂੰ ਸਾਂਭਣ ਵਾਲੀ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਹਵਾ ਤੇ ਪਾਣੀਆਂ ਨੂੰ ਪੁਲੀਤ ਹੋਣ ਤੋ ਬਚਾਉਣ ਤੇ ਜ਼ੋਰ ਦਿੰਦੇ ਆਖਿਆ,''ਸਾਨੂੰ ਆਪਣਾ ਮਨ ਤੇ ਚਾਰ ਚੁਫੇਰਾ ਸਾਫ ਰੱਖਣਾ ਚਾਹੀਦਾ ਹੈ ਤਾਂ ਹੀ ਇਕ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।'' 

ਪ੍ਰਸਿੱਧ ਪ੍ਰਚਾਰਕ ਬੀਬੀ ਨਵਦੀਪ ਕੌਰ, ਢਾਡੀ ਜੱਥਾ ਏ.ਐਸ.ਏ. ਇੰਗਲੈਡ ਵਾਲਿਆਂ ਨੇ ਕਵੀਸ਼ਰ ਜੱਥਾ ਸਲੱਖਣ ਸਿੰਘ, ਬਾਬਾ ਸੁਰਿੰਦਰ ਸਿੰਘ (ਵਿਥਲੈਤਰੀ) ਅਤੇ ਬਾਬਾ ਦਲਬੀਰ ਸਿੰਘ (ਲਵੀਨੀਓ) ਵਾਲਿਆਂ ਨੇ ਵੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਚਾਰਾਂ ਪੇਸ਼ ਕਰਦਿਆਂ ਇਸ ਧਾਰਮਿਕ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਮੇਅਰ ਅਤੇ ਉਨ੍ਹਾਂ ਨਾਲ ਆਈ ਨਗਰ ਕੌਂਸਲ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 

ਦੱਸਣਯੋਗ ਹੈ ਕਿ ਸਥਾਨਿਕ ਸੰਗਤਾਂ ਵਲੋਂ ਇਸ ਸ਼ਹਿਰ ਵਿਚ ਪਹਿਲਾ ਧਾਰਮਿਕ ਸਮਾਗਮ ਕਰਵਾ ਕੇ ਇਕ ਨਵੀਂ ਪਹਿਲ ਕਦਮੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੀਆਂ ਇਟਾਲੀਅਨ ਲੋਕਾਂ ਦੀ ਹਾਜ਼ਰੀ ਨੂੰ ਇਕ ਵੱਡੀ ਪ੍ਰਾਪਤੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਭਾਰਤੀ ਅੰਬੈਸੀ ਦੇ ਨੁੰਮਾਇੰਦੇ ਸ੍ਰੀ ਮਨਰਾਲ ਵੱਲੋਂ ਵੀ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਗਈ।

Vandana

This news is Content Editor Vandana