ਇਟਲੀ: ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਜੈਕਾਰਿਆਂ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ

01/01/2024 3:50:59 PM

ਰੋਮ(ਕੈਂਥ)- ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਬੀਤੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਵਰ੍ਹੇ ਨੂੰ ਖੁਸ਼ਆਮ ਦੀਦ ਕਹਿਣ ਲਈ ਕਰਵਾਏ ਗਏ ਗੁਰਮਿਤ ਸਮਾਗਮਾਂ ਵਿੱਚ ਵੱਖ-ਵੱਖ ਜਥਿਆਂ ਨੇ ਹਾਜ਼ਰੀ ਭਰੀ। ਐਤਵਾਰ ਸਵੇਰ ਦਾ ਦੀਵਾਨ ਵੀ ਸਜਾਇਆ ਗਿਆ। ਸ਼ਾਮ ਦੇ ਦੀਵਾਨ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ। ਉਸ ਮਗਰੋਂ ਬੈਰਗਾਮ ਤੋਂ ਪਹੁੰਚੇ ਬੀਬੀਆਂ ਦੇ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜਥੇਦਾਰ ਭਾਈ ਰਾਮ ਸਿੰਘ ਜੀ ਟਕਸਾਲ ਵਾਲੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ, ਜਿੱਥੇ ਉਹਨਾਂ ਨੇ ਚੱਲ ਰਹੇ ਸ਼ਹੀਦੀ ਦਿਹਾੜਿਆਂ ਬਾਰੇ ਕਥਾ ਵਿਚਾਰ ਕੀਤੀ। ਉੱਥੇ ਹੀ ਉਹਨਾਂ ਨੇ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਲਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।

ਢਾਡੀ ਜਵਾਲਾ ਸਿੰਘ ਪਤੰਗਾਂ ਦੇ ਜੱਥੇ ਵੱਲੋਂ ਬੁਲੰਦ ਆਵਾਜ਼ ਵਿੱਚ ਢਾਡੀ ਵਾਰਾਂ ਸਰਵਣ ਕਰਵਾਈਆਂ ਗਈਆਂ। ਉਪਰੰਤ ਭਾਈ ਸਾਹਿਬ ਦੇ ਜਥੇ ਨੇ ਰਾਤ ਤੱਕ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਜ਼ਿਕਰਯੋਗ ਹੈ ਕਿ ਸ਼ਹੀਦੀ ਦਿਹਾੜਿਆਂ ਤੋਂ ਸ਼ੁਰੂ ਹੋ ਕੇ ਸਾਲ ਦੇ ਆਖਰੀ ਦਿਨ ਤੱਕ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ ਦੀਵਾਨ ਸਜਾਏ ਜਾਂਦੇ ਰਹੇ ਹਨ ਅਤੇ ਕੱਲ੍ਹ ਰਾਤ ਯਾਨੀ 31 ਦਸੰਬਰ ਰਾਤ 12 ਵਜੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਇਹਨਾਂ ਦੀਵਾਨਾਂ ਦੀ ਸਮਾਪਤੀ ਕੀਤੀ ਗਈ। ਸਿੱਖ ਸੰਗਤਾਂ ਨੇ ਗੁਰੂ ਦੇ ਜੈਕਾਰਿਆਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਦੀਵਾਨਾਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਸੀ। 

cherry

This news is Content Editor cherry