ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਮੁਲਾਕਾਤ

02/05/2018 2:48:44 PM

ਰੋਮ(ਕੈਂਥ)— ਕਲਤੂਰਾ ਸਿੱਖ ਇਟਲੀ ਦੇ ਸੀਨੀਅਰ ਨੁਮਾਇੰਦੇ ਭਾਈ ਕੁਲਵੰਤ ਸਿੰਘ ਖਾਲਸਾ ਜੋ ਇਨ੍ਹੀਂ ਦਿਨੀਂ ਪੰਜਾਬ ਗਏ ਹੋਏ ਹਨ। ਜੋ ਕਿ ਪਿਛਲੇ ਦਿਨੀਂ ਖਾਲਸੇ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਵੀ ਕੀਤੇ। ਜਿਸ ਤੋਂ ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ। ਇਸ ਮੁਲਾਕਾਤ ਦੌਰਾਨ ਭਾਈ ਕੁਲਵੰਤ ਸਿੰਘ ਖਾਲਸਾ ਨੇ ਸਿੰਘ ਸਾਹਿਬ ਜੀ ਨੂੰ ਇਟਲੀ ਅਤੇ ਯੂਰਪ ਵਿਚ ਕਲਤੂਰਾ ਸਿੱਖ ਇਟਲੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਾਇਆ ਗਿਆ। ਜਿਸ ਤੋਂ ਬਾਅਦ ਸਿੰਘ ਸਾਹਿਬ ਰਘਬੀਰ ਸਿੰਘ ਜੀ ਨੇ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਕਲਤੂਰਾ ਸਿੱਖ ਇਟਲੀ ਵੱਲੋਂ ਇਟਲੀ ਅਤੇ ਯੂਰਪ ਵਿਚ ਜਿਹੜੇ ਵੀ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ ਉਨ੍ਹਾਂ ਪ੍ਰੋਗਰਾਮਾਂ ਵਿਚ ਪੂਰਨ ਤੌਰ 'ਤੇ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਿੰਘ ਸਾਹਿਬ ਜੀ ਵੱਲੋਂ ਭਾਈ ਕੁਲਵੰਤ ਸਿੰਘ ਖਾਲਸਾ ਜੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਸਿੱਖੀ ਦੇ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਅਸੀਂ ਕਲਤੂਰਾ ਸਿੱਖ ਦਾ ਸਹਿਯੋਗ ਕਰਨ ਲਈ ਹਰ ਪਲ ਤਿਆਰ ਹਾਂ।