ਇਟਲੀ ''ਚ 29 ਅਪ੍ਰੈਲ ਨੂੰ ਮਨਾਇਆ ਜਾਵੇਗਾ ਡਾ: ਅੰਬੇਡਕਰ ਸਾਹਿਬ ਜੀ ਦਾ 127ਵਾਂ ਜਨਮਦਿਨ

04/25/2018 1:51:53 PM

ਰੋਮ(ਕੈਂਥ)— ਇਟਲੀ ਵਿਚ ਭਾਰਤ ਰਤਨ ਡਾ.ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਝਣ ਅਤੇ ਸਮਝਾਉਣ ਲਈ ਇਸ ਸਮੇਂ ਬਹੁਤ ਸਾਰੇ ਲੋਕ ਜੰਗੀ ਪਧੱਰ ਉੱਤੇ ਸੇਵਾ ਕਰ ਰਹੇ ਹਨ, ਜਿਨ੍ਹਾਂ ਦਾ ਮਕਸਦ ਭਾਰਤ ਵਿਚ ਸਮੁੱਚੇ ਦਲਿਤ ਸਮਾਜ ਨੂੰ ਸਮਾਜ ਵਿਚ ਸਮਾਨਤਾ ਅਤੇ ਬਰਾਬਰਤਾ ਦੀ ਜਿੰਦਗੀ ਜਿਊਣ ਦਾ ਹੱਕ ਲੈਕੇ ਦੇਣਾ ਹੈ। ਇਸ ਲੜੀ ਵਿਚ ਇਟਲੀ ਵਿਚ ਵਸਦੇ ਭਾਰਤੀ ਲੋਕਾਂ ਵੱਲੋਂ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 127ਵਾਂ ਜਨਮ ਦਿਨ ਇਟਲੀ ਦੀ ਰਾਜਧਾਨੀ ਰੋਮ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਗੁਰਦੁਆਰਾ ਸਾਹਿਬ ਅਤੇ ਸੀਚੀਲੀਆ ਸੂਬੇ ਦੇ ਸ਼ਹਿਰ ਕਤਾਨੀਆ ਵਿਖੇ 29 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਰੋਮ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਜਨਮ ਦਿਨ ਸਮਾਗਮ ਵਿਚ ਸ਼੍ਰੀ ਅਸੋਕ ਕੁਮਾਰ ਭੁੱਲਰ ਹੁਰੀਂ ਸ਼ਿਰਕਤ ਕਰਨਗੇ ਅਤੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਉੱਪਰ ਚਾਨਣਾ ਪਾਉਣਗੇ। ਦੂਜੇ ਪਾਸੇ ਡਾ. ਬੀ.ਆਰ ਅੰਬੇਡਕਰ ਯੂਨਿਟ ਸੀਚੀਲੀਆ (ਇਟਲੀ) ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਟਲੀ ਦੇ ਸ਼ਹਿਰ ਕਤਾਨੀਆਂ ਵਿੱਖੇ ਬਾਬਾ ਸਹਿਬ ਡਾ. ਬੀ.ਆਰ ਅੰਬੇਡਕਰ ਜੀ ਦਾ ਜਨਮ ਦਿਨ 29 ਅਪ੍ਰੈਲ ਦਿਨ ਐਤਵਾਰ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸੀ. ਜੀ. ਐਲ ਦੇ ਭਵਨ ਵਿਚ ਹੋ ਰਹੇ ਇਸ ਸਮਾਗਮ ਵਿਚ ਇਟਲੀ ਭਰ ਵਿਚੋਂ ਜਿੱਥੇ ਬਾਬਾ ਸਾਹਿਬ ਦੇ ਪ੍ਰੇਮੀ ਹੁੰਮ-ਹੁੰਮਾ ਕੇ ਪਹੁੰਚਣਗੇ, ਉੱਥੇ ਹੀ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਉੱਘੇ ਵਿਦਵਾਨ ਵੀ ਵਿਚਾਰਾਂ ਸਾਂਝੀਆਂ ਕਰਨਗੇ।
ਜ਼ਿਕਰਯੋਗ ਹੈ ਕੇ ਬਾਬਾ ਸਾਹਿਬ ਦੀ ਸੋਚ ਨੂੰ ਸਮਰਪਿਤ ਇਸ ਸਮਾਗਮ ਵਿਚ ਆਸਟਰੇਲੀਆ ਵਸਦੇ ਪੰਜਾਬੀ ਸਾਹਿਤਕਾਰ ਸਰਬਜੀਤ ਸੋਹੀ ਦੀ ਪੁਸਤਕ “ਤਰਕਸ਼ ਵਿਚਲੇ ਹਰਫ਼'' ਇਟਲੀ ਦੇ ਪੰਜਾਬੀ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ। ਇਹ ਜਾਣਕਾਰੀ ਸਮਾਗਮ ਨੂੰ ਅੰਤਿਮ ਛੋਹਾਂ ਦੇ ਰਹੇ ਯੂਨਿਟ ਦੇ ਅਹਿਮ ਮੈਬਰਾਂ ਮਨਦੀਪ ਅੰਬੇਡਕਰ, ਮਲਕੀਤ, ਸੁਰਜੀਤ ਭਠੋਏ, ਚਰਨਜੀਤ, ਸੱਤਪਾਲ, ਸੁਰਜੀਤ ਮਹਿਮੀ, ਹਨੀ ਮਹੇ, ਪਰਗਟ, ਰਾਜਵਿੰਦਰ, ਸੰਦੀਪ, ਬਿੰਦਰ, ਜੌਹਨ, ਚਮਨ ਲਾਲ ਜੀ, ਸੁੱਖਵਿੰਦਰ, ਲਾਲ ਜੀ ਤੇ ਮਨਜੀਤ ਨੇ ਸਾਂਝੇ ਤੌਰ 'ਤੇ ਦਿੱਤੀ।