...ਜਦੋਂ ਇਟਲੀ ''ਚ ਐਕਸੀਡੈਂਟ ਕਰ ਕੇ ਭੱਜੇ ਭਾਰਤੀ ਨੂੰ ਪੁਲਸ ਨੇ 60 ਮਿੰਟਾਂ ''ਚ ਕੀਤਾ ਕਾਬੂ

08/22/2017 11:18:05 AM

ਰੋਮ/ਇਟਲੀ(ਕੈਂਥ)— ਇਟਲੀ ਵਿਚ ਕੁਝ ਭਾਰਤੀ ਅਜਿਹੇ ਵੀ ਹਨ ਜਿਨ੍ਹਾਂ ਕੋਲ ਡਰਾਇਵਿੰਗ ਲਾਇਸੈਂਸ ਵੀ ਨਹੀਂ ਹੁੰਦਾ ਪਰ ਉਹ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਇਟਲੀ ਦੀਆਂ ਸੜਕਾਂ ਉਪਰ ਇੰਝ ਗੱਡੀ ਨੂੰ ਭਜਾਉਂਦੇ ਹਨ ਜਿਵੇਂ ਕਿ ਉਹ ਪੰਜਾਬ ਦੀਆਂ ਸੜਕਾਂ ਉਪਰ ਹੀ ਘੁੰਮਦੇ ਹਨ। ਜਦੋਂ ਅਜਿਹੇ ਭਾਰਤੀਆਂ ਨਾਲ ਇਟਾਲੀਅਨ ਪੁਲਸ ਦੋ-ਦੋ ਹੱਥ ਹੁੰਦੀ ਹੈ ਤਾਂ ਫਿਰ ਅਜਿਹੇ ਭਾਰਤੀਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ । ਅਜਿਹੀ ਹੀ ਇਕ ਘਟਨਾ ਉਦੋਂ ਦੇਖਣ ਨੂੰ ਮਿਲੀ ਜਦੋਂ ਇਟਲੀ ਦੇ ਖੇਤਰ ਪੱਛਮੀ ਵਿਚੇਨਤੀਨੋ ਦੀ ਸਥਾਨਕ ਪੁਲਸ ਨੇ ਇਕ ਸੜਕੀ ਹਾਦਸੇ ਦੇ ਫਰਾਰ ਦੋਸ਼ੀ ਨੂੰ ਸਿਰਫ 60 ਮਿੰਟਾਂ  ਵਿਚ ਹੀ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੇਰੋਨਾ ਜ਼ਿਲੇ ਦੇ ਵੇਸਤੇਨਾਨੂਓਵਾ ਦਾ ਵਸਨੀਕ 25 ਸਾਲਾ ਵੀ. ਕੇ. ਨਾਮਕ ਭਾਰਤੀ ਇਕ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਜਗ੍ਹਾ ਤੋਂ ਭੱਜ ਗਿਆ। 
ਦੱਸਣਯੋਗ ਹੈ ਕਿ 18 ਅਗਸਤ ਨੂੰ 10:30 ਵਜੇ ਵੀ. ਕੇ. ਨੇ ਐਰੋਸਪਿੰਨ ਮਾਰਕੀਟ ਦੀ ਪਾਰਕਿੰਗ ਵਿਚ ਇਕ 38 ਸਾਲਾ ਸਾਈਕਲ ਸਵਾਰ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਪਾਰਕਿੰਗ ਵਿਚ ਵਾਪਰੇ ਇਸ ਹਾਦਸੇ ਤੋਂ ਤੁਰੰਤ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਡਿੱਗਿਆ ਛੱਡ ਕੇ ਭਾਰਤੀ ਵਿਅਕਤੀ ਉੱਥੋਂ ਕਾਰ ਲੈ ਕੇ ਭੱਜ ਗਿਆ। ਉਸ ਸਮੇਂ ਉੱਥੇ ਮੌਜੂਦ ਹੋਰ ਲੋਕਾਂ ਨੇ ਉਸ ਭਾਰਤੀ ਵਿਅਕਤੀ ਦੀ ਕਾਰ ਦੇ ਨੰਬਰ ਸਮੇਤ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਹਾਦਸੇ ਵਾਲੀ ਜਗ੍ਹਾ ਉੱਤੇ ਪਹੁੰਚ ਗਈ। ਹਾਦਸੇ ਦੌਰਾਨ ਜ਼ਖਮੀ ਹੋਏ ਲਿਬੇਰੀਆ ਮੂਲ ਦੇ ਜੇ. ਐਸ. ਨਾਮਕ 38 ਸਾਲਾ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉੱਥੇ ਮੌਜੂਦ ਲੋਕਾਂ ਦੀ ਨਿਸ਼ਾਨਦੇਹੀ ਅਤੇ ਕਾਰ ਦੇ ਨੰਬਰ ਤੋਂ ਪੁਲਸ ਨੇ ਦੋਸ਼ੀ ਭਾਰਤੀ ਵਿਅਕਤੀ ਨੂੰ ਉਸ ਦੀ ਰਿਹਾਇਸ਼ ਤੋਂ ਕਾਬੂ ਕਰ ਲਿਆ। ਜਦੋਂ ਪੁਲਸ ਨੇ ਭਾਰਤੀ ਵਿਅਕਤੀ ਨੂੰ ਹਾਦਸੇ ਵਾਲੇ ਸਥਾਨ ਤੋਂ ਭੱਜਣ ਦਾ ਕਾਰਨ ਪੁੱਛਿਆ ਤਾਂ ਇਹ ਸਚਾਈ ਸਾਹਮਣੇ ਆਈ ਕਿ ਕਾਰ ਚਲਾਉਣ ਵਾਲੇ ਉਸ ਵਿਅਕਤੀ ਕੋਲ ਡਰਾਇਵਿੰਗ ਲਾਇਸੈਂਸ ਹੀ ਨਹੀਂ ਹੈ। ਭਾਰਤੀ ਖਿਲਾਫ ਲਾਇਸੈਂਸ ਤੋਂ ਬਿਨਾਂ ਵਾਹਨ ਚਲਾਉਣ ਅਤੇ ਹਾਦਸੇ ਨੂੰ ਅੰਜਾਮ ਦੇ ਕੇ ਭੱਜਣ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਦਾ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਭਾਰਤੀ ਵਿਅਕਤੀ ਨੂੰ ਭਾਰੀ ਜ਼ੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਟਲੀ ਵਿਚ ਪਹਿਲੇ ਵੀ ਕਈ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਭਾਰਤੀ ਬਿਨਾਂ ਡਰਾਇਵਿੰਗ ਲਾਇਸੈਂਸ ਗੱਡੀ ਚਲਾਉਣ ਕਾਰਨ ਮੋਟੇ ਜ਼ੁਰਮਾਨੇ ਦਾ ਭੁਗਤਾਣ ਕਰਨ ਲਈ ਮਜ਼ਬੂਰ ਹਨ।