ਇਟਲੀ ''ਚ ਸਾਲ 2017 ਦੌਰਾਨ 3,443 ਲੋਕ ਏਡਜ਼ ਦੇ ਸ਼ਿਕਾਰ : ਰਿਪੋਰਟ

12/02/2018 12:41:22 PM

ਰੋਮ/ਇਟਲੀ (ਦਲਵੀਰ ਕੈਂਥ)— ਬੇਸ਼ੱਕ ਪੂਰੀ ਦੁਨੀਆ ਦੇ ਵਿਗਿਆਨੀ ਏਡਜ਼ ਦਾ ਪੱਕਾ ਇਲਾਜ ਲੱਭਣ ਵਿਚ ਦਿਨ-ਰਾਤ ਇਕ ਕਰ ਰਹੇ ਹਨ। ਇਸ ਸਬੰਧੀ ਕਈ ਵਿਗਿਆਨੀਆਂ ਤੇ ਵੱਖ-ਵੱਖ ਇਲਾਜ ਪ੍ਰਣਾਲੀਆਂ ਜਿਵੇਂ ਐਲੋਪੈਥੀ, ਆਯੂਰਵੈਦਕ, ਹੋਮਿਓਪੈਥੀ, ਇਲੈਕਟਰੋਪੈਥੀ ਆਦਿ ਦੇ ਮਾਹਰ ਡਾਕਟਰਾਂ ਜਾਂ ਵੈਦ-ਹਕੀਮਾਂ ਨੇ ਇਸ ਨਾਮੁਰਾਦ ਲਾ-ਇਲਾਜ ਬਿਮਾਰੀ ਉਪੱਰ ਜਿੱਤ ਪ੍ਰਾਪਤ ਕਰਨ ਦੇ ਕਈ ਦਾਅਵੇ ਵੀ ਕੀਤੇ ਪਰ ਵਧੇਰੇ ਮਾਮਲਿਆਂ ਵਿਚ ਇਹ ਬੀਮਾਰੀ ਜਿਸ ਵੀ ਮਰੀਜ਼ ਦੇ ਗਲ ਪੈਂਦੀ ਹੈ ਉਸ ਨੂੰ ਦੁਨੀਆ ਤੋਂ ਰੁਖਸਤ ਕਰਕੇ ਹੀ ਛੱਡਦੀ ਹੈ।

1 ਦਸੰਬਰ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸ ਦਿਨ ਪੂਰੀ ਦੁਨੀਆ ਵਿਚ ਇਸ ਬਿਮਾਰੀ ਉੱਪਰ ਕਾਬੂ ਕਰਨ ਦੀਆਂ ਨਵੀਆਂ-ਨਵੀਆਂ ਜੁਗਤਾਂ ਬਣਾਈਆਂ ਜਾਂਦੀਆਂ ਹਨ ਤੇ ਨਾਲ ਹੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵੱਧਣ-ਘੱਟਣ ਦਾ ਖੁਲਾਸਾ ਵੀ ਕੀਤਾ ਜਾਂਦਾ ਹੈ। ਹੋਰ ਦੇਸ਼ਾਂ ਵਾਂਗ ਇਟਲੀ ਵਿਚ ਵੀ ਏਡਜ਼ ਦੇ ਮਰੀਜ਼ ਦਿਨੋ-ਦਿਨ ਵੱਧ ਰਹੇ ਹਨ ।ਸੈਂਟਰ ਓਪਰੇਟਰ ਏਡਜ਼   (ਸੀ.ਓ.ਏ.) ਦੀ ਰਿਪੋਰਟ ਮੁਤਾਬਕ ਸਾਲ 2017 ਵਿਚ ਇਟਲੀ ਵਿਚ 3,443 ਨਵੇਂ ਮਰੀਜ਼ ਅਜਿਹੇ ਸਾਹਮਣੇ ਆਏ ਹਨ ਜਿਹੜੇ ਕਿ ਇਸ ਮੌਤ ਰੂਪੀ ਬਿਮਾਰੀ ਏਡਜ਼ ਦੇ ਪੰਜੇ ਵਿਚ ਜਕੜੇ ਜਾ ਚੁੱਕੇ ਹਨ। 

ਇਟਲੀ ਦੀ ਐਲ.ਜੀ.ਬੀ.ਟੀ.ਆਈ. ਐਸੋਸ਼ੀਏਸ਼ਨ ਵੱਲੋਂ ਏਡਜ਼ ਦੇ ਮਰੀਜ਼ਾਂ ਲਈ ਵਿਸ਼ੇਸ਼ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਏਡਜ਼ ਪੀੜਤ ਲੋਕਾਂ ਤੋਂ ਹੋਰ ਮਰੀਜ਼ ਨਾ ਬਣਨ। ਏਡਜ਼ ਦੀ ਬਿਮਾਰੀ ਦੇ ਬਹੁਤੇ ਮਰੀਜ਼ ਅਜਿਹੇ ਹਨ ਜਿਹੜੇ ਕਿ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਨਹੀਂ ਜਾਂ ਗੈਰ-ਲੋਕਾਂ ਨਾਲ ਅਸੁੱਰਖਿਅਤ ਯੌਨ ਸੰਬੰਧ ਬਣਾਉਂਦੇ ਹਨ।ਇਟਲੀ ਵਿਚ ਇਹਨਾਂ ਕੇਸਾਂ ਦੇ 1 ਲੱਖ ਲੋਕਾਂ ਪਿੱਛੇ 5-7 ਨਵੇਂ ਮਾਮਲੇ ਨਸ਼ਰ ਹੋਏ ਹਨ ਜਿਹੜੇ ਕਿ ਯੂਰਪੀਅਨ ਔਸਤ ਨਾਲ ਮੇਲ ਖਾਂਦੇ ਹਨ ।

ਸੰਨ 2017 ਵਿਚ ਜਿਹੜੇ ਮਰੀਜ਼ ਏਡਜ਼ ਦੇ ਸ਼ਿਕਾਰ ਹੋਏ ਉਹਨਾਂ ਦੀ ਜ਼ਿਆਦਾਤਰ ਉਮਰ 25 ਤੋਂ 29 ਸਾਲ ਦੇ ਵਿਚਕਾਰ ਹੈ। ਇਸ ਵਰਗ ਦੇ ਨੌਜਵਾਨਾਂ ਦਾ ਰੋਗ ਗ੍ਰਸਤ ਹੋਣ ਦਾ ਮੁੱਖ ਕਾਰਨ ਅਸੁੱਰਖਿਅਤ ਯੌਨ ਸੰਬੰਧ ਹੀ ਹੈ ਜਿਹੜੇ ਕਿ ਇਟਲੀ ਦੇ ਸੂਬਾ ਲਾਸੀਓ, ਲੀਗੂਰੀਆ ਅਤੇ ਤੁਸਕਾਨੀ ਨਾਲ ਸਬੰਧਤ ਹਨ।ਏਡਜ਼ ਤੋਂ ਛੁੱਟਕਾਰਾ ਪਾਉਣ ਲਈ ਹੁਣ ਇਟਲੀ ਵਿਚ ਇਕ ਨਵਾਂ ਤਜ਼ਰਬਾ ਸੰਨ 2019 ਦੌਰਾਨ ਰੋਮ ਵਿਖੇ ਪ੍ਰਸਿੱਧ ਬੱਚਿਆਂ ਦੇ ਹਸਪਤਾਲ “ਬਮਬੀਨੋ ਯਿਸੂ'' ਵਿਖੇ 100 ਬੱਚਿਆਂ ਉਪੱਰ ਏਡਜ਼ ਵੈਕਸੀਨੇਸ਼ਨ ਵਜੋਂ ਕੀਤਾ ਜਾ ਰਿਹਾ ਹੈ ਜਿਹੜਾ ਕਿ ਪਹਿਲੀ ਵਾਰ ਹੋਵੇਗਾ ।ਇਹ ਤਜ਼ਰਬਾ ਸਵੀਡਨ ਦੇ ਸਟਾਕਹੋਲਮ ਅਧਾਰਿਤ ਇੰਸਟੀਚਿਊਟ ਕਾਰੋਲਿਸਕਾ ਦੇ ਸਹਿਯੋਗ ਨਾਲ ਇਟਲੀ, ਦੱਖਣੀ ਅਫ਼ਰੀਕਾ ਅਤੇ ਥਾਈਲੈਂਡ ਵਿਖੇ ਹੋਵੇਗਾ।

Vandana

This news is Content Editor Vandana