ਇਟਲੀ : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤਕ ਸਮਾਗਮ 19 ਅਕਤੂਬਰ ਨੂੰ

10/06/2019 2:29:12 PM

ਰੋਮ, (ਕੈਂਥ)— ਇਟਲੀ ਦੀ ਸਿਰਮੌਰ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇੱਥੋਂ ਦੇ ਸ਼ਹਿਰ ਨੋਵੇਲਾਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਵੱਖ-ਵੱਖ ਬੁਲਾਰੇ ਇਸ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖਿਆਵਾਂ ਨੂੰ ਮੁੱਖ ਰੱਖ ਕੇ ਵਿਚਾਰਾਂ ਕੀਤੀਆਂ ਜਾਣਗੀਆਂ।

ਇਨ੍ਹਾਂ ਵਿੱਚ ਕੁਝ ਬੁਲਾਰੇ ਇਸ ਬਾਰੇ ਲੇਖ ਪੜ੍ਹਨਗੇ ਅਤੇ ਕੁਝ ਕਵੀ ਗੁਰੂ ਜੀ ਨੂੰ ਸਮਰਪਿਤ ਕਵਿਤਾ ਪਾਠ ਵੀ ਕਰਨਗੇ। ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ, ਸਰਪ੍ਰਸਤ ਮਲਕੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਰਾਜੂ ਹਠੂਰੀਆ, ਸਲਾਹਕਾਰ ਬਿੰਦਰ ਕੋਲੀਆਂਵਾਲੇ, ਸਲਾਹਕਾਰ ਮੇਜਰ ਸਿੰਘ ਖੱਖ, ਪ੍ਰੈਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਵਿੱਕੀ ਬਟਾਲਾ, ਮੰਚ ਸੰਚਾਲਕ ਦਲਜਿੰਦਰ ਰਹਿਲ, ਦਿਲਬਾਗ ਖਹਿਰਾ, ਨਿਰਵੈਲ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਦੁਨੀਆ ਵਿੱਚ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਣ ਲਈ ਸਾਹਿਤ ਸੁਰ ਸੰਗਮ ਸਭਾ ਵੱਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਸ ਨਾਲ ਵਿਦੇਸ਼ੀ ਧਰਤੀ ਉੱਪਰ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕੀਤਾ ਜਾਵੇਗਾ।