ਇਟਲੀ ''ਚ ਮਨਾਇਆ ਗਿਆ ਭਗਵਾਨ ਵਾਲਮੀਕਿ ਦਾ ਆਗਮਨ ਦਿਹਾੜਾ

11/08/2019 11:38:09 AM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੂਰਬ ਦਿਹਾੜਾ ਵਾਲਮੀਕਿ ਸਭਾ ਮਿਲਾਨ ਦੇ ਯੋਗ ਉਪਰਾਲੇ ਤਹਿਤ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਕਰਵਾਏ ਸਮਾਗਮਾਂ ਵਿਚ ਸ਼ਰਧਾਲੂਆਂ ਨੇ ਦੂਰ ਦੂਰਾਡੇ ਤੋਂ ਪੁੱਜ ਕਰਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਭਗਵਾਨ ਵਾਲਮੀਕਿ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 

ਇੰਡੀਆ ਤੋਂ ਉਚੇਚੇ ਤੌਰ 'ਤੇ ਪੁੱਜੇ ਬਾਲ ਜੋਗੀ ਬਾਬਾ ਪ੍ਰਗਟ ਨਾਥ ਨੇ ਵਿਚਾਰਾਂ ਦੀ ਸਾਂਝ ਪਾਉਦੇ ਹੋਏ ਆਏ ਸ਼ਰਧਾਲੂਆਂ ਨੂੰ ਦੱਸਿਆ,''ਭਗਵਾਨ ਵਾਲਮੀਕਿ ਦੀ ਕ੍ਰਿਪਾ ਕਰਕੇ ਹੀ ਸਾਨੂੰ ਸੋਹਣਾ ਜੀਵਨ ਮਿਲਿਆ ਹੈ। ਸਾਨੂੰ ਹਮੇਸ਼ਾ ਭਗਵਾਨ ਦਾ ਸ਼ੁਕਰ ਗੁਜਾਰ ਰਹਿਣਾ ਚਾਹੀਦਾ ਹੈ ਜਿੰਨਾ ਦੀ ਬਦੌਲਤ ਵਿਦੇਸ਼ਾਂ ਵਿਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ।'' ਇਸ ਮੌਕੇ ਕਰਵਾਏ ਰਮਾਇਣ ਦੇ ਪਾਠ ਦੀ ਸੇਵਾ ਭਗਵਾਨ ਵਾਲਮੀਕਿ ਸਭਾ ਅਨਕੋਨਾ ਵੱਲੋਂ ਕਰਵਾਈ ਗਈ। 

ਇਸ ਮੌਕੇ ਬਲਕਾਰ ਚੰਦ, ਬਲਬੀਰ ਭੱਟੀ, ਪਰਮਜੀਤ ਥਾਪਰ, ਕਾਲਾ ਮਿਲਾਨ, ਬਿੰਦਾ ਨਾਗਰਾ, ਮੇਸ਼ੀ ਸਿੰਘ, ਸੈਮ ਸਭਰਵਾਲ, ਬੱਗਾ ਘਾਰੂ, ਬਲਜੀਤ ਨਵਾਂ ਪਿੰਡ, ਜੀਵਨ ਸਿੰਘ ਤੇ ਗਿਆਨ ਨਵਾਂ ਪਿੰਡ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਜਿੰਨਾਂ ਦੇ ਉਪਰਾਲੇ ਨਾਲ ਮਿਲਾਨ ਵਿਚ ਹਰ ਸਾਲ ਭਗਵਾਨ ਵਾਲਮੀਕਿ ਦਾ ਆਗਮਨ ਪੂਰਬ ਦਿਹਾੜਾ ਮਨਾਇਆ ਜਾਂਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਲ ਜੋਗੀ ਬਾਬਾ ਪ੍ਰਗਟ ਨਾਥ (ਮੁੱਖੀ ਡੇਰਾ ਰਹੀਮਪੁਰ) ਵਾਲੇ ਇਨੀਂ ਦਿਨੀ ਇਟਲੀ, ਗਰੀਸ, ਜਰਮਨ, ਫਰਾਂਸ ਤੇ ਆਸਟਰੀਆ ਦੀ ਫੇਰੀ ਉੱਤੇ ਆਏ ਹੋਏ ਹਨ। ਜਿੱਥੇ ਇਕ-ਇਕ ਕਰਕੇ ਪੂਰੇ ਯੂਰਪ ਵਿਚ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ।


Vandana

Content Editor

Related News