ਆਸਟ੍ਰੇਲੀਆ 'ਚ ਇਟਾਲੀਅਨ ਔਰਤ 'ਤੇ ਜਾਨਲੇਵਾ ਹਮਲਾ

08/19/2018 5:51:25 PM

ਪਰਥ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸ਼ਨੀਵਾਰ ਦੀ ਰਾਤ ਨੂੰ ਇਕ ਇਟਾਲੀਅਨ ਟੂਰਿਸਟ ਨਾਲ ਹਿੰਸਕ ਵਾਰਦਾਤ ਵਾਪਰੀ। ਸਟੇਲਾ ਟ੍ਰੇਵੀਸਾਨੀ ਨਾਂ ਦੀ 27 ਸਾਲਾ ਔਰਤ 'ਤੇ 15 ਸਾਲਾ ਇਕ ਲੜਕੇ ਨੇ ਚਾਕੂ ਨਾਲ ਹਮਲਾ ਕੀਤਾ। ਉਹ ਉਸ ਦਾ ਮੋਬਾਇਲ ਫੋਨ ਖੋਹਣਾ ਚਾਹੁੰਦਾ ਸੀ। ਸਟੇਲਾ 'ਤੇ 5 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀਆਂ ਬਾਂਹਾਂ ਅਤੇ ਲੱਤਾਂ ਜ਼ਖਮੀ ਹੋ ਗਈਆਂ। ਸਟੇਲਾ ਨੇ ਆਪਣੀ ਹੱਡ-ਬੀਤੀ ਦੱਸੀ ਅਤੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਸ਼ਾਇਦ ਉਹ ਮਰ ਜਾਂਦੀ। 

ਸਟੇਲਾ ਨੇ ਅੱਗੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਤਕਰੀਬਨ 9.20 ਵਜੇ ਉਸ 'ਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣਾ ਕੰਮ ਖਤਮ ਕਰ ਕੇ ਘਰ ਜਾ ਰਹੀ ਸੀ ਅਤੇ ਕਲੇਸਬਰੂਕ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਉਡੀਕ ਕਰ ਰਹੀ ਸੀ, ਤਾਂ ਉਸ 'ਤੇ ਲੜਕੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਦੀਆਂ ਲੱਤਾਂ ਅਤੇ ਬਾਂਹਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ, ਜਿਸ ਕਾਰਨ ਉਸ ਦੇ ਕਰੀਬ 300 ਟਾਂਕੇ ਲੱਗੇ। ਉਸ ਨੇ ਕਿਹਾ ਹਮਲਾਵਰ ਨੇ ਮੈਨੂੰ ਕੰਧ 'ਚ ਮਾਰਿਆ ਅਤੇ ਕਿਹਾ ਕਿ ਜੇਕਰ ਉਸ ਨੇ ਫੋਨ ਨਾ ਦਿੱਤਾ ਤਾਂ ਉਹ ਉਸ ਨੂੰ ਹਰ ਥਾਂ ਚਾਕੂ ਮਾਰੇਗਾ। ਮੈਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਮਦਦ ਲਈ ਚੀਕੀ। 

ਇਕ ਅਧਿਕਾਰੀ ਨੇ ਕਿਹਾ ਕਿ ਉਹ ਨੇੜੇ-ਤੇੜੇ ਦੇ ਵਾਸੀ ਸਟੇਲਾ ਦੀ ਮਦਦ ਲਈ ਆਏ। ਓਧਰ ਪੁਲਸ ਨੇ ਦਾਅਵਾ ਕੀਤਾ ਕਿ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਸਾਈਕਲ 'ਤੇ ਸਵਾਰ ਹੋ ਕੇ ਦੌੜ ਗਿਆ। ਪੁਲਸ ਨੇ ਦੋਸ਼ੀ ਲੜਕੇ ਦਾ ਨਾਂ ਉਜਾਗਰ ਨਹੀਂ ਕੀਤਾ ਹੈ, ਉਸ ਨੂੰ ਘਟਨਾ ਵਾਲੀ ਥਾਂ ਤੋਂ 300 ਮੀਟਰ ਦੀ ਦੂਰੀ 'ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਉਸ 'ਤੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਅਤੇ ਔਰਤ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਦੋਸ਼ੀ ਲੜਕੇ ਨੂੰ ਕੱਲ ਪਰਥ ਦੀ ਚਿਲਡਰਨ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਸਟੇਲਾ ਦਾ ਪਰਥ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ।