ਇਟਲੀ ''ਚ ਅਪਰਾਧਾਂ ਦੇ ਸਾਏ ਹੇਠ ਇਟਾਲੀਅਨ ਲੋਕ ਜ਼ਿੰਦਗੀ ਜਿਊਣ ਲਈ ਮਜ਼ਬੂਰ

06/23/2018 8:23:21 PM

ਰੋਮ/ਇਟਲੀ (ਦਲਵੀਰ ਕੈਂਥ)- ਇਟਲੀ 'ਚ ਜਿਸ ਤਰ੍ਹਾਂ ਵਿਦੇਸ਼ੀਆਂ ਦੀ ਆਮਦ ਨੂੰ ਰੋਕਣਾ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੈ, ਉਸੇ ਤਰ੍ਹਾਂ ਇਟਲੀ ਵਿੱਚ ਵੱਧ ਰਹੇ ਅਪਰਾਧ ਨੇ ਇਟਾਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਗੱਲ ਦਾ ਖੁਲਾਸਾ ਇਟਲੀ ਦੀ ਰਾਸ਼ਟਰੀ ਸੰਸਥਾ ਈਸਤਤ ਨੇ ਕੀਤਾ ਹੈ। ਈਸਤਤ ਜੋ ਕਿ ਇਟਲੀ ਵਿੱਚ ਸਰਕਾਰੀ ਅੰਕੜਿਆਂ ਦਾ ਮੁੱਖ ਸਰੋਤ ਹੈ ਇਸ ਦੀਆਂ ਗਤੀਵਿਧੀਆਂ ਵਿੱਚ ਆਬਾਦੀ ਦੀ ਮਰਦਮਸ਼ੁਮਾਰੀ, ਆਰਥਿਕ ਗਿਣਤੀ ਅਤੇ ਬਹੁਤ ਸਾਰੇ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਰਵੇਖਣ ਅਤੇ ਵਿਸ਼ਲੇਸ਼ਣ ਆਦਿ ਸ਼ਾਮਲ ਹਨ, ਨੇ ਕਿਹਾ ਕਿ ਤਿੰਨ ਇਟਾਲੀਅਨ ਲੋਕਾਂ ਵਿੱਚੋਂ ਇੱਕ ਇਟਾਲੀਅਨ ਅਪਰਾਧਿਕ ਖੇਤਰ ਵਿੱਚ ਰਹਿਣ ਲਈ ਮਜ਼ਬੂਰ ਹੈ। ਪੂਰੀ ਇਟਲੀ ਵਿੱਚ 36.6 ਫੀਸਦੀ ਔਰਤਾਂ ਡਰ ਕਾਰਨ ਸ਼ਾਮ ਨੂੰ ਬਾਹਰ ਨਹੀਂ ਜਾਂਦੀਆ। ਈਸਤਤ ਨੇ ਕਿਹਾ ਇਤਾਲਵੀ ਆਬਾਦੀ ਦਾ ਇੱਕ ਤਿਹਾਈ ਹਿੱਸਾ 33.9 ਫੀਸਦੀ ਇਹ ਮੰਨਦਾ ਹੈ ਕਿ ਉਹ ਅਪਰਾਧ ਦੇ ਸਾਏ ਵਾਲੇ ਖੇਤਰ ਵਿੱਚ ਸਿਰਫ਼ 11.9 ਫੀਸਦੀ ਹੀ ਸੁੱਰਖਿਅਤ ਹਨ। ਸਾਲ 2015 ਤੇ 2016 ਵਿੱਚ ਇਹ ਅੰਦਾਜ਼ਾ ਲਾਇਆ ਗਿਆ ਕਿ 27.6 ਫੀਸਦੀ ਇਟਾਲੀਅਨ ਹਨੇਰੇ ਵਿੱਚ ਬਾਹਰ ਜਾਣ ਵੇਲੇ ਨਾਜ਼ੁਕ ਮਹਿਸੂਸ ਕਰਦੇ ਸਨ ਜਦੋਂ ਕਿ 38.2 ਫੀਸਦੀ ਇਟਾਲੀਅਨ ਦਾ ਕਹਿਣਾ ਹੈ ਕਿ ਅਪਰਾਧ ਉਨ੍ਹਾਂ ਦੀਆਂ ਆਦਤਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਤੇ ਹੋਰ ਵੀ ਬਹੁਤ ਕੁਝ ਹੈ ਜਿਹੜਾਂ ਉਨ੍ਹਾਂ ਨੂੰ ਸੁਖਾਲਾ ਨਹੀਂ ਲੱਗਦਾ।
ਈਸਤਤ ਅਨੁਸਾਰ ਪਿਛਲੇ ਸਰਵੇਖਣ ਦੇ ਮੁਕਾਬਲੇ ਇਸ ਸਾਲ ਬੇਸ਼ੱਕ ਅਪਰਾਧਾਂ ਨੇ ਲੋਕਾਂ ਦੀਆਂ ਆਦਤਾਂ ਨੂੰ 48.5 ਫੀਸਦੀ ਤੋਂ ਘੱਟ ਪ੍ਰਭਾਵਿਤ ਕੀਤਾ ਪਰ ਲੋਕਾਂ ਅੰਦਰ ਅਪਰਾਧਾਂ ਪ੍ਰਤੀ ਡਰ ਅੱਜ ਵੀ ਬਰਕਰਾਰ ਹੈ। ਅਪਰਾਧਾਂ ਕਾਰਨ ਅਸੁੱਰਖਿਅਤ ਮਹਿਸੂਸ ਕਰਨ ਵਿੱਚ ਮਰਦਾਂ ਤੋਂ ਜ਼ਿਆਦਾ ਔਰਤਾਂ ਹਨ ਜਿਹੜੀਆਂ ਕਿ 36.6 ਫੀਸਦੀ ਸ਼ਾਮ ਨੂੰ ਬਾਹਰ ਨਹੀਂ ਜਾਂਦੀਆਂ, ਜਦੋਂ ਕਿ ਮਰਦਾਂ ਦੇ ਮੁਕਾਬਲੇ ਇਹ ਤੁਲਨਾ 8.5 ਫੀਸਦੀ ਜ਼ਿਆਦਾ ਹੈ। 35.3 ਫੀਸਦੀ ਔਰਤਾਂ ਸ਼ਾਮ ਨੂੰ ਇਕੱਲੀਆਂ ਘੁੰਮਣ ਸਮੇਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਹ ਤੁਲਨਾ ਮਰਦਾਂ ਵਿੱਚ 19.3 ਪ੍ਰਤੀਸ਼ਤ ਹੈ। ਈਸਤਤ ਨੇ ਕਿਹਾ ਕਿ ਸਾਲ 2008-2009 ਨਾਲੋਂ ਸਾਲ 2015-2016 'ਚ ਇਟਲੀ 'ਚ ਅਪਰਾਧਾਂ ਤੋਂ ਚਿੰਤਤ ਲੋਕਾਂ ਦੀ ਦਰ ਵਿੱਚ ਕਮੀ ਆਈ ਹੈ। ਰਿਪੋਰਟ ਅਨੁਸਾਰ ਸਾਲ 2015-2016 ਵਿੱਚ ਬੈਗ ਖੋਹਣ 'ਤੇ ਜੇਬ ਕੱਟਣ ਦੀ ਚਿੰਤਾ ਕਰਨ ਵਾਲੇ ਲੋਕਾਂ ਵਿੱਚ ਸਾਲ 2008-2009 ਨਾਲੋਂ 6.3 ਫੀਸਦੀ ਦੀ ਕਮੀ ਆਈ। ਹਮਲਾਵਰ ਜਾਂ ਡਕੈਤੀ ਦੀ ਚਿੰਤਾ ਕਰਨ ਵਾਲੇ ਲੋਕਾਂ ਵਿੱਚ 7.1 ਫੀਸਦੀ ਕਾਰ ਚੋਰੀ ਦੀ ਚਿੰਤਾ ਕਰਨ ਵਾਲੇ ਲੋਕਾਂ ਵਿੱਚ 6.7 ਫੀਸਦੀ ਤੇ ਆਪਣੇ-ਆਪ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਸਲੀ ਭਿੰਨ-ਭੇਦ ਦਾ ਸ਼ਿਕਾਰ ਹੋਣ ਦੀ ਚਿੰਤਾ ਕਰਨ ਵਾਲੇ ਲੋਕਾਂ ਵਿੱਚ 14 ਫੀਸਦੀ ਦੀ ਕਮੀ ਆਈ ਪਰ ਫਿਰ ਵੀ 60.2 ਫੀਸਦੀ ਇਟਾਲੀਅਨ ਲੋਕ ਅਪਰਾਧਾਂ ਕਾਰਨ ਆਪਣੇ ਘਰਾਂ ਦੀ ਮੁਰੰਮਤ ਨੂੰ ਲੈਕੇ ਚਿੰਤਾ ਵਿੱਚ ਹਨ, ਜੋ ਕਿ ਪਿਛਲੇ ਸਰਵੇਖਣ ਵਾਂਗ ਜਿਉਂ ਦੀ ਤਿਉਂ ਹੈ।