ਇਟਲੀ ਇਮੀਗ੍ਰੇਸ਼ਨ ਨੇ ਇਟਾਲੀਅਨ ਮਾਲਕ ਪਾਏ ਚੱਕਰਾਂ 'ਚ, ਹੁਣ 15 ਅਗਸਤ ਤੱਕ ਭਰੇ ਜਾਣਗੇ ਪੇਪਰ

06/17/2020 2:55:41 PM

ਰੋਮ, (ਦਲਵੀਰ ਕੈਂਥ )- ਇਟਲੀ ਸਰਕਾਰ ਵਲੋਂ ਇਟਲੀ ਵਿੱਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਕਾਮਿਆਂ ਨੂੰ ਪੱਕਾ ਕਰਨ ਲਈ ਜੋ ਇਮੀਗ੍ਰੇਸ਼ਨ ਖੋਲ੍ਹੀ ਗਈ ਸੀ, ਉਸ ਦੀ ਤਰੀਕ 15 ਜੁਲਾਈ ਤੋਂ ਵਧਾ ਕੇ 15 ਅਗਸਤ ਤੱਕ ਕਰ ਦਿੱਤੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਸਿਰਫ਼ 32 ਹਜ਼ਾਰ ਕਾਮਿਆਂ ਨੇ ਹੀ ਇਸ ਸਬੰਧੀ ਅਰਜ਼ੀਆਂ ਦਾਖਲ ਕੀਤੀਆਂ ਹਨ ਜਦ ਕਿ ਇਟਲੀ ਸਰਕਾਰ ਨੇ 5 ਤੋਂ 6 ਲੱਖ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੇਪਰ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਸੀ।

15 ਜੂਨ ਨੂੰ ਜਾਰੀ ਹੋਈ ਮਨਿਸਟਰੀ ਦੈਲ ਇੰਤੈਰਨੋ ਦੀ ਰਿਪੋਰਟ ਮੁਤਾਬਕ ਅਜੇ ਤੱਕ ਸਿਰਫ਼ 32 ਹਜ਼ਾਰ ਕਾਮਿਆਂ ਨੇ ਹੀ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ ਜੋ ਕਿ ਬਹੁਤ ਘੱਟ ਹਨ ਜਿਸ ਕਰਕੇ ਇਟਲੀ ਸਰਕਾਰ ਨੇ ਇਸ ਦੀ ਤਰੀਕ ਵਿਚ ਵਾਧਾ ਕੀਤਾ ਹੈ। ਵਰਨਣਯੋਗ ਹੈ ਕਿ ਇਟਲੀ ਵਿਚ ਜਦੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਖੁੱਲ੍ਹਦੀ ਹੈ, ਉਸ ਵਕ਼ਤ ਬਹੁਤ ਸਾਰੇ ਲੋਕ ਇਟਲੀ ਤੋਂ ਬਾਹਰਲੇ ਯੂਰਪੀਅਨ ਦੇਸ਼ਾਂ ਵਿੱਚੋਂ ਆ ਕੇ ਪੱਕੇ ਹੋਣ ਲਈ ਅਪਲਾਈ ਕਰਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚਲਦਿਆਂ ਬਾਹਰਲੇ ਦੇਸ਼ਾਂ ਵਿੱਚੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਦਾ ਆਉਣਾ ਮੁਸ਼ਕਿਲ ਹੋ ਗਿਆ ਹੈ। ਦੂਜੇ ਪੱਖ ਤੋਂ ਇਹ ਵੀ ਗੱਲ ਚਰਚਾ ਵਿੱਚ ਹੈ ਕਿ ਇਟਲੀ ਸਰਕਾਰ ਵਲੋਂ ਖੋਲ੍ਹੀ ਗਈ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਕਾਫੀ ਸਖ਼ਤ ਹਨ ਜਿਸ ਕਾਰਨ ਜੁਰਮਾਨੇ ਤੋਂ ਡਰਦੇ ਇਟਾਲੀਅਨ ਮਾਲਕ ਇਹ ਪੇਪਰ ਆਪਣੇ ਕਾਮਿਆਂ ਨੂੰ ਪੱਕਾ ਕਰਨ ਲਈ ਨਹੀਂ ਭਰ ਰਹੇ। 

ਇਟਲੀ ਯੂਰਪ ਦਾ  ਪਹਿਲਾ ਅਜਿਹਾ ਦੇਸ਼ ਹੈ,ਜਿਸ ਨੇ ਕੋਰੋਨਾ ਸੰਕਟ ਤੋਂ ਬਾਹਰ ਨਿਕਲਣ ਅਤੇ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਲਈ ਇਮੀਗ੍ਰੇਸ਼ਨ ਖੋਲ੍ਹੀ ਹੈ ਨਹੀ ਤਾਂ ਦੁਨੀਆ ਦੇ ਕਈ ਦੇਸ਼ਾਂ ਨੇ ਵਿਦੇਸ਼ੀਆਂ ਨੂੰ ਦੇਸ਼ ਛੱਡਣ ਲਈ ਹੀ ਕਹਿ ਦਿੱਤਾ ਹੈ।

Lalita Mam

This news is Content Editor Lalita Mam