ਤਾਲਾਬੰਦੀ ਕਾਰਨ ਭਾਰਤ ''ਚ ਫਸੇ ਲੋਕਾਂ ਲਈ ਇਟਲੀ ਸਰਕਾਰ ਨੇ ਜਾਰੀ ਕੀਤਾ ਇਹ ਫਰਮਾਨ

06/26/2020 8:57:57 AM

ਰੋਮ, (ਦਲਵੀਰ ਕੈਂਥ)- ਬਹੁਤ ਸਾਰੇ ਭਾਰਤੀ ਇਟਲੀ ਤੋਂ ਭਾਰਤ ਗਏ ਤੇ ਕੋਰੋਨਾ ਸੰਕਟ ਦੌਰਾਨ ਇੱਥੇ ਹੀ ਫਸ ਗਏ। ਇਸ ਦੌਰਾਨ ਕਈਆਂ ਦੇ ਪੇਪਰਾਂ ਦੀ ਮਿਆਦ ਲੰਘ ਗਈ ਹੈ ਤੇ ਕਈਆਂ ਦੀ ਲੰਘਣ ਵਾਲੀ ਹੈ। ਅਜਿਹੇ ਲੋਕਾਂ ਲਈ ਇਟਲੀ ਸਰਕਾਰ ਨੇ ਵਾਪਸ ਇਟਲੀ ਆਉਣ ਲਈ ਇਟਲੀ ਅੰਬੈਂਸੀ ਦਿੱਲੀ ਤੋਂ ਰੀਐਂਟਰੀ ਵੀਜ਼ਾ ਲੈਣਾ ਲਾਜ਼ਮੀ ਕਰ ਦਿੱਤਾ ਹੈ।

ਇਸ ਗੱਲ ਦੀ ਜਾਣਕਾਰੀ ਇਟਲੀ ਅੰਬੈਂਸੀ ਦਿੱਲੀ ਨੇ ਆਪਣੀ ਵੈੱਬਸਾਈਟ 'ਤੇ ਜਨਤਕ ਕੀਤੀ ਹੈ ਜਦੋਂ ਕਿ ਪਹਿਲਾਂ ਇਟਲੀ ਸਰਕਾਰ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜਿਹੜੇ ਭਾਰਤੀ ਇਟਲੀ ਕੰਮ ਕਰਦੇ ਹਨ ਤੇ ਤਾਲਾਬੰਦੀ ਦੌਰਾਨ ਭਾਰਤ ਵਿੱਚ ਹੀ ਰੁਕਣ ਲਈ ਮਜਬੂਰ ਹਨ ਤੇ ਇਸ ਦੌਰਾਨ ਜੇਕਰ ਉਨ੍ਹਾਂ ਦੇ ਪੇਪਰਾਂ ਦੀ ਮਿਆਦ ਲੰਘ ਜਾਂਦੀ ਹੈ ਤਾਂ ਮਿਆਦ ਲੰਘੀ ਵਾਲੇ ਪੇਪਰਾਂ ਨੂੰ 31 ਅਗਸਤ, 2020 ਤੱਕ ਮਾਨਤਾ ਦੇ ਦਿੱਤੀ ਹੈ ਅਤੇ ਉਹ ਬਿਨਾਂ ਰੀਐਂਟਰੀ ਵੀਜ਼ਾ ਦੇ ਵਾਪਸ ਇਟਲੀ ਆ ਸਕਦੇ ਹਨ। 


ਹੁਣ ਅਚਾਨਕ ਇਟਲੀ ਸਰਕਾਰ ਵੱਲੋਂ ਇਹ ਐਲਾਨ ਕਰ ਦੇਣਾ ਕਿ ਮਿਆਦ ਲੰਘੀ ਵਾਲੇ ਪੇਪਰਾਂ ਨਾਲ ਸੰਬਧਤ ਲੋਕਾਂ ਨੂੰ ਮੁੜ ਇਟਲੀ ਦਾਖਲ ਹੋਣ ਲਈ ਰੀਐਂਟਰੀ ਵੀਜ਼ਾ ਲੈਣਾ ਪਵੇਗਾ ਜਦੋਂ ਕਿ ਭਾਰਤ ਤੋਂ ਇਟਲੀ ਸਧਾਰਨ ਹਵਾਈ ਸੇਵਾ ਬੰਦ ਹੈ । ਲੋਕ ਵਿਸ਼ੇਸ਼ ਉਡਾਣਾਂ ਰਾਹੀਂ ਮਹਿੰਗੇ ਭਾਅ ਦੀਆਂ ਟਿਕਟਾਂ ਖਰੀਦ ਇਟਲੀ ਜਾਣ ਲਈ ਬੇਵੱਸ ਹਨ। ਅਜਿਹੇ ਮੌਕੇ ਇਟਲੀ ਸਰਕਾਰ ਦਾ ਇਹ ਰਵੱਈਆ ਧੱਕੇ ਵਰਗਾ ਹੈ, ਜਿਹੜੇ ਵਿਚਾਰੇ ਤਾਲਾਬੰਦੀ ਦੌਰਾਨ ਪਹਿਲਾਂ ਹੀ ਕੰਮਾਂ ਦੇ ਉਜਾੜੇ ਕਾਰਨ ਮਾਨਸਿਕ ਪਰੇਸ਼ਾਨੀ ਨੂੰ ਪਿੰਡੇ ਹੰਢਾਉਂਦੇ ਹੋਏ ਆਰਥਿਕ ਮੰਦਹਾਲੀ ਝੱਲ ਰਹੇ ਹਨ, ਜਿਸ ਵਿਰੁੱਧ ਇਟਲੀ ਰਹਿਣ ਬਸੇਰਾ ਕਰਦੇ ਸਮੁੱਚੀ ਭਾਰਤੀ ਭਾਈਚਾਰੇ ਨੂੰ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਇਹ ਮੌਕਾਂ ਉਨ੍ਹਾਂ ਲੋਕਾਂ ਲਈ ਵੀ ਭਾਈਚਾਰੇ ਦੇ ਪੱਖ ਵਿੱਚ ਖੜ੍ਹਨ ਦਾ ਹੈ, ਜਿਹੜੇ ਆਪਣੇ-ਆਪ ਨੂੰ ਮੋਦੀ ਜਾਂ ਕੌਂਤੇ ਸਮਝਦੇ ਹਨ।

 
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਦਾ ਇਹ ਹਿੱਟਲਰਸ਼ਾਹੀ ਫਰਮਾਨ ਸਿਰਫ ਭਾਰਤੀ ਲੋਕਾਂ ਲਈ ਹੀ ਹੈ ਜਦੋਂ ਕਿ ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀ ਆਈ। ਇਟਲੀ ਸਰਕਾਰ ਦਾ ਇਹ ਫੈਸਲਾ 5 ਜੁਲਾਈ, 2020 ਤੋਂ ਹੋਵੇਗਾ ਲਾਗੂ ਜਿਸ ਨਾਲ ਲੋਕਾਂ ਨੂੰ ਹੁਣ ਰੀਐਂਟਰੀ ਵੀਜ਼ੇ ਲਈ ਜਿੱਥੇ ਇਟਲੀ ਅੰਬੈਸੀ ਦੇ ਚੱਕਰ ਕੱਟਣੇ ਪੈਣਗੇ, ਉੱਥੇ ਉਨ੍ਹਾਂ ਦੀ ਜੇਬ ਉਪੱਰ ਵੀ ਹੋਰ ਬੋਝ ਪਵੇਗਾ।


 

Lalita Mam

This news is Content Editor Lalita Mam