ਚੰਗੇ ਸਬੰਧ ਬਣਾਏ ਰੱਖਣਾ ਭਾਰਤ ਅਤੇ ਚੀਨ ਦੋਵਾਂ ਦੇ ਹਿੱਤ 'ਚ : ਚੀਨੀ ਰੱਖਿਆ ਮੰਤਰੀ

06/12/2022 2:33:00 PM

ਸਿੰਗਾਪੁਰ (ਭਾਸ਼ਾ)- ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਅਤੇ ਭਾਰਤ ਗੁਆਂਢੀ ਹਨ ਅਤੇ ਚੰਗੇ ਸਬੰਧ ਬਣਾਏ ਰੱਖਣ ਨਾਲ ਦੋਵਾਂ ਦੇਸ਼ਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਅਤੇ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸ਼ਾਂਤੀ ਬਣਾਈ ਰੱਖਣ ਲਈ ਇਕੱਠੇ ਕੰਮ ਕਰ ਰਹੇ ਹਨ। ਇੱਥੇ ਸ਼ਾਂਗਰੀ-ਲਾ ਡਾਇਲਾਗ ਨੂੰ ਸੰਬੋਧਿਤ ਕਰਦੇ ਹੋਏ ਵੇਈ ਨੇ ਦੱਖਣੀ ਚੀਨ ਸਾਗਰ ਸਮੇਤ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਭਾਰਤ ਗੁਆਂਢੀ ਹਨ ਅਤੇ ਇੱਕ ਦੂਜੇ ਨਾਲ ਚੰਗੇ ਸਬੰਧ ਬਣਾਏ ਰੱਖਣ ਨਾਲ ਦੋਵਾਂ ਦੇਸ਼ਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ। ਇਹੀ ਕਾਰਨ ਹੈ ਕਿ  ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। 

ਭਾਰਤ ਨਾਲ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਵਿਵਾਦ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਨਾਲ ਕਮਾਂਡਰ ਪੱਧਰ 'ਤੇ 15 ਦੌਰ ਦੀ ਗੱਲਬਾਤ ਕੀਤੀ ਹੈ ਅਤੇ ਅਸੀਂ ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ। ਵੇਈ ਅਮਰੀਕੀ ਥਿੰਕ-ਟੈਂਕ, ਬਰੂਕਿੰਗਜ਼ ਇੰਸਟੀਚਿਊਟ ਵਿੱਚ ਇੰਡੀਆ ਪ੍ਰੋਜੈਕਟ ਦੇ ਡਾਇਰੈਕਟਰ, ਡਾ. ਤਨਵੀ ਮਦਾਨ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਮਦਾਨ ਨੇ ਮੰਤਰੀ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਕਿਉਂ ਦੋ ਸਾਲ ਪਹਿਲਾਂ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਭਾਰਤ ਨਾਲ ਐਲਏਸੀ 'ਤੇ ਕਈ ਬਿੰਦੂਆਂ 'ਤੇ ਸਥਿਤੀ ਬਦਲਣ ਲਈ ਇਕਪਾਸੜ ਕਦਮ ਚੁੱਕੇ ਸਨ, ਜਿਸ ਨਾਲ 45 ਸਾਲਾਂ ਵਿੱਚ ਪਹਿਲੀ ਵਾਰ ਫ਼ੌਜੀ ਸੰਘਰਸ਼ ਹੋਇਆ ਸੀ। ਮਦਾਨ ਦੇ ਅਨੁਸਾਰ, ਇਹ ਕਦਮ ਉਨ੍ਹਾਂ ਸਮਝੌਤਿਆਂ ਦੀ ਉਲੰਘਣਾ ਸਨ ਜੋ ਭਾਰਤ ਅਤੇ ਚੀਨ ਨੇ 25 ਸਾਲਾਂ ਵਿੱਚ ਬਹੁਤ ਹੀ ਸਾਵਧਾਨੀ ਨਾਲ ਗੱਲਬਾਤ ਰਾਹੀਂ ਪ੍ਰਾਪਤ ਕੀਤੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਏਸ਼ੀਆ 'ਚ ਸਮਰਥਨ 'ਹਾਈਜੈਕ' ਦੀ ਕੋਸ਼ਿਸ਼ ਦਾ ਲਗਾਇਆ ਦੋਸ਼

ਪੂਰਬੀ ਲੱਦਾਖ ਵਿੱਚ 5 ਮਈ, 2020 ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿੱਚ ਤਣਾਅਪੂਰਨ ਸਰਹੱਦੀ ਗਤੀਰੋਧ ਹੈ, ਜਦੋਂ ਪੈਂਗੋਂਗ ਝੀਲ ਖੇਤਰ ਵਿੱਚ ਦੋਵਾਂ ਧਿਰਾਂ ਦਰਮਿਆਨ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਚੀਨ ਭਾਰਤ ਦੇ ਸਰਹੱਦੀ ਖੇਤਰਾਂ ਵਿੱਚ ਹੋਰ ਬੁਨਿਆਦੀ ਢਾਂਚੇ ਜਿਵੇਂ ਕਿ ਪੁਲਾਂ ਅਤੇ ਸੜਕਾਂ ਅਤੇ ਰਿਹਾਇਸ਼ੀ ਇਕਾਈਆਂ ਦਾ ਨਿਰਮਾਣ ਵੀ ਕਰ ਰਿਹਾ ਹੈ। ਭਾਰਤ ਅਤੇ ਚੀਨ ਨੇ ਲੱਦਾਖ ਵਿਵਾਦ ਨੂੰ ਸੁਲਝਾਉਣ ਲਈ ਹੁਣ ਤੱਕ 15 ਦੌਰ ਦੀ ਫ਼ੌਜੀ ਗੱਲਬਾਤ ਕੀਤੀ ਹੈ। ਗੱਲਬਾਤ ਦੇ ਨਤੀਜੇ ਵਜੋਂ, ਦੋਵਾਂ ਧਿਰਾਂ ਨੇ ਪਿਛਲੇ ਸਾਲ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇ ਅਤੇ ਗੋਗਰਾ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News