ਗਾਜ਼ਾ ਪੱਟੀ 'ਚ ਇਜ਼ਰਾਇਲ ਦੇ ਡਰੋਨ ਨੂੰ ਕੀਤਾ ਤਬਾਹ

09/15/2019 10:54:19 AM

ਗਾਜ਼ਾ ਪੱਟੀ— ਫਲਸਤੀਨ ਨੇ ਗਾਜ਼ਾ ਪੱਟੀ 'ਚ ਇਜ਼ਰਾਇਲ ਦੇ ਟੋਹੀ ਡਰੋਨ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਫਲਸਤੀਨ ਫੌਜ ਦੀ ਹਥਿਆਰਬੰਦ ਫੌਜੀ ਇਕਾਈ ਦੇ ਅਬੂ ਅਲੀ ਮੁਸਤਾਫਾ ਬ੍ਰਿਗੇਡ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਇਜ਼ਰਾਇਲ ਦੇ ਇਕ ਟੋਹੀ ਡਰੋਨ ਨੂੰ ਤਬਾਹ ਕਰ ਦਿੱਤਾ ਹੈ। ਓਧਰ, ਇਜ਼ਰਾਇਲ ਦੇ ਇਕ ਹੋਰ ਫੌਜੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਜ਼ਰਾਇਲ ਫਲਸਤੀਨ ਨੂੰ ਇਕ ਸੁਤੰਤਰ ਰਾਜਨੀਤਕ ਅਤੇ ਡਿਪਲੋਮੈਟਿਕ ਇਕਾਈ ਦੇ ਰੂਪ 'ਚ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ ਅਤੇ ਇਸ ਨੂੰ ਲੈ ਕੇ ਉਸ ਦਾ ਲਗਾਤਾਰ ਫਲਸਤੀਨ ਨਾਲ ਸੰਘਰਸ਼ ਚੱਲ ਰਿਹਾ ਹੈ।

ਅਬੂ ਅਲੀ ਮੁਸਤਾਫਾ ਬ੍ਰਿਗੇਡ ਨੇ ਕਿਹਾ ਕਿ ਉਹ ਤਦ ਤਕ ਆਪਣਾ ਵਿਰੋਧ ਜਾਰੀ ਰੱਖਣਗੇ ਜਦ ਤਕ ਇਜ਼ਰਾਇਲ ਵੈੱਸਟ ਬੈਂਕ ਅਤੇ ਗਾਜ਼ਾ ਪੱਟੀ 'ਤੇ ਕਬਜ਼ਾ ਕੀਤੇ ਗਏ ਖੇਤਰਾਂ ਨੂੰ ਛੱਡ ਨਹੀਂ ਦਿੰਦਾ ਹੈ। ਓਧਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੋਣ ਪ੍ਰਚਾਰ ਦੌਰਾਨ ਇਜ਼ਰਾਇਲ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ 17 ਸਤੰਬਰ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਜੇਕਰ ਉਹ ਜਿੱਤ ਹਾਸਲ ਕਰਦੇ ਹਨ ਤਾਂ ਵੈਸਟ ਬੈਂਕ ਦੇ ਪੂਰਬੀ ਹਿੱਸੇ ਨੂੰ ਇਜ਼ਰਾਇਲ 'ਚ ਸ਼ਾਮਲ ਕਰ ਲੈਣਗੇ।