ਇਜ਼ਰਾਈਲ-ਫਿਲਸਤੀਨ ਸੰਘਰਸ਼ : ਬਾਗੀਆਂ ਨੇ ਦਾਗੇ 1050 ਰਾਕੇਟ, ਪੀ.ਐੱਮ. ਨੇਤਨਯਾਹੂ ਨੇ ਦਿੱਤੀ ਚਿਤਾਵਨੀ

05/13/2021 9:23:52 AM

ਤੇਲ ਅਵੀਵ (ਬਿਊਰੋ): ਇਜ਼ਰਾਈਲ ਅਤੇ ਫਿਲਸਤੀਨ ਵਿਚਕਾਰ ਤਣਾਅ ਵੱਧਦਾ ਜਾ ਰਿਹਾ ਹੈ। ਹਾਲਾਤ ਇੰਨੇ ਖਰਾਬ ਹਨ ਕਿ ਹੁਣ ਯੁੱਧ ਦੀ ਸੰਭਾਵਨਾ ਦਿਸਣ ਲੱਗੀ ਹੈ। ਦੋਹਾਂ ਪਾਸੀਂ ਰਾਕੇਟ ਦਾਗੇ ਜਾ ਰਹੇ ਹਨ। ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਅਤੇ ਲਗਾਤਾਰ ਇਕ-ਦੂਜੇ 'ਤੇ ਦੋਸ਼ ਲਗਾਏ ਜਾ ਰਹੇ ਹਨ। ਇਸ ਦੌਰਾਨ ਇਜ਼ਰਾਈਲ ਵੱਲੋ ਸਭ ਤੋਂ ਵੱਧ ਨਿਸ਼ਾਨਾ ਅੱਤਵਾਦੀ ਸੰਗਠਨ 'ਹਮਾਸ'  'ਤੇ ਕੀਤਾ ਜਾ ਰਿਹਾ ਹੈ। ਇਹ ਉਹੀ ਸੰਗਠਨ ਹੈ, ਜਿਸ ਨੇ ਮੰਗਲਵਾਰ ਨੂੰ ਇਜ਼ਰਾਈਲ 'ਤੇ 130 ਰਾਕੇਟ ਦਾਗੇ ਸਨ। ਹੁਣ ਵਿਗੜਦੇ ਹਾਲਾਤ ਵਿਚਕਾਰ ਇਜ਼ਰਾਈਲ ਦੇ ਸੀਨੀਅਰ ਅਧਿਕਾਰੀਆ ਨੇ ਇਕ ਪ੍ਰੈੱਸ ਵਾਰਤਾ ਕਰਕੇ ਵਰਤਮਾਨ ਸਥਿਤੀ 'ਤੇ ਵਿਸਥਾਰ ਨਾਲ ਗੱਲ ਕੀਤੀ ਹੈ।

ਇਜ਼ਰਾਈਲ ਦੀ ਤਿੱਖੀ ਪ੍ਰਤੀਕਿਰਿਆ
ਪ੍ਰੈੱਸ ਵਾਰਤਾ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ Lior Haiat, IDF ਬੁਲਾਰੇ ਲੈਫਟੀਨੇਂਟ ਕਰਨਲ ਜਾਨਥਨ ਕੋਨਰਿਕਸ ਅਤੇ ਮਿਕੀ ਰੋਜ਼ਨਫੀਲਡ ਸ਼ਾਮਲ ਹੋਏ। ਤਿੰਨਾਂ ਨੇ ਹੀ ਹਮਾਸ ਦੀ ਕਾਇਰਾਨਾ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਸੰਗਠਨ ਵੱਲੋਂ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ਵਿਚ ਰਾਕੇਟ ਦਾਗੇ ਗਏ। ਇਸ ਬਾਰੇ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਹਮਾਸ ਵੱਲੋਂ ਯੁੱਧ ਨੂੰਭੜਕਾਉਣ ਵਾਲੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਉੱਥੇ ਸੈਨਾ ਵੱਲੋਂ ਲੈਫਨੀਨੈਂਟ ਕਰਨਲ ਜਾਨਥਨ ਕੋਨਰਿਕਸ ਨੇ ਜਾਣਕਾਰੀ ਦਿੱਤੀ ਕਿ ਗਾਜ਼ਾ ਵਿਚ ਕਈ ਲੋਕਾਂ ਦੇ ਮਰਨ ਦੀ ਖ਼ਬਰ ਹੈ। ਉਹਨਾਂ ਨੇ ਦੱਸਿਆ ਕਿ ਹਮਾਸ ਅਤੇ ਇਸਲਾਮਿਕ ਜਿਹਾਦ ਫੈਲਾਉਣ ਵਾਲੇ ਕੁਝ ਲੋਕ ਇਸ ਤਬਾਹੀ ਨੂੰ ਅੰਜਾਮ ਦੇ ਰਹੇ ਹਨ ਅਤੇ ਇਜ਼ਰਾਈਲ 'ਤੇ ਇਸ ਦਾ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹਮਲੇ ਵਿਚ ਮਾਰੀ ਗਈ ਭਾਰਤੀ ਔਰਤ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਜਾਣਕਾਰੀ ਮਿਲੀ ਹੈ ਕਿ ਇਜ਼ਰਾਈਲ ਦੇ ਰਾਸ਼ਟਰਪਤੀ ਨੇ ਪੀੜਤ ਦੇ ਪਰਿਵਾਰ ਨਾਲ ਗੱਲ ਕਰਕੇ ਹਮਦਰਦੀ ਪ੍ਰਗਟ ਕੀਤੀ ਹੈ।

ਨੇਤਨਯਾਹੂ ਨੇ ਦਿੱਤੀ ਚਿਤਾਵਨੀ
ਇਜ਼ਰਾਈਲ ਦੀ ਮੰਨੀਏ ਤਾਂ ਹਮਾਸ ਵੱਲੋਂ ਲਗਾਤਾਰ ਭੜਕਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਰਾਕੇਟ ਹਮਲੇ ਜ਼ਰੀਏ ਮਾਸੂਮਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਰਿਹਾਇਸ਼ੀ ਇਲਾਕਿਆਂ ਵਿਚ ਲੋਕਾਂ ਨੂੰ ਮਾਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ. ਹੁਣ ਹਮਾਸ ਵੱਲੋਂ ਇਹ ਸਭ ਹੁੰਦਾ ਦਿਸ ਰਿਹਾ ਹੈ।

ਇਸ ਦੇ ਇਲਾਵਾ ਇਜ਼ਰਾਈਲ ਵੀ ਜਵਾਬੀ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕਰ ਰਿਹਾ ਹੈ। ਉਹਨਾਂ ਵੱਲੋਂ ਲਗਾਤਾਰ ਹਵਾਈ ਹਮਲਿਆਂ ਜ਼ਰੀਏ ਮੂੰਹ-ਤੋੜ ਜਵਾਬ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੱਲੋਂ ਕਿਹਾ ਗਿਆ ਹੈਕਿ ਉਹ ਹਮਾਸ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦੇਣਗੇ ਅਤੇ ਹਰ ਹਮਲੇ ਦਾ ਕਰਾਰਾ ਜਵਾਬ ਦੇਣਗੇ।

ਇਜ਼ਰਾਈਲ ਦੀ ਜਵਾਬੀ ਕਾਰਵਾਈ
ਉੱਥੋਂ ਦੀ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਹੁਣ ਤੱਕ ਕੁਝ 30 ਹਮਾਸ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਜਾਣਕਾਰੀ ਮਿਲੀ ਹੈਕਿ ਪੰਜ ਅੱਤਵਾਦੀਆਂ ਨੂੰ ਇਕ ਸੁਰੰਗ ਦੇ ਅੰਦਰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਇਹ ਖੂਨੀ ਸੰਘਰਸ਼ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਅਤੇ ਕਈ ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪੈ ਸਕਦੀ ਹੈ।

ਹੁਣ ਤੱਕ 59 ਲੋਕਾਂ ਦੀ ਮੌਤ
ਗਾਜ਼ਾ ਸਰਹੱਦ 'ਤੇ ਜਾਰੀ ਸੰਘਰਸ਼ ਵਿਚ ਹੁਣ ਤੱਕ 59 ਲੋਕ ਮਾਰੇ ਗਏ ਹਨ। ਇਹਨਾਂ ਵਿਚ 13 ਬੱਚੇ ਅਤੇ 3 ਔਰਤਾਂ ਸਾਮਲ ਹਨ। ਹਮਲੇ ਦੇ ਖੇਤਰ ਵਿਚ ਕਰੀਬ 300 ਫਿਲਸਤੀਨੀ ਜ਼ਖਮੀ ਹੋਏ ਹਨ। ਇਜ਼ਰਾਈਲ-ਗਾਜ਼ਾ ਵਿਚ 2014 ਵਿਚ 50 ਦਿਨ ਤੱਕ ਚੱਲੇ ਯੁੱਧ ਦੇ ਬਾਅਦ ਪਹਿਲੀ ਵਾਰ ਇਕ-ਦੂਜੇ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ। ਦੇਸ਼ ਵਿਚ ਗ੍ਰਹਿਯੁੱਧ ਜਿਹੇ ਹਾਲਾਤ ਦੇਖਦੇ ਹੋਏ ਇਜ਼ਰਾਈਲ ਨੇ ਲਾਡ ਸ਼ਹਿਰ ਵਿਚ ਐਮਰਜੈਂਸੀ ਲਗਾ ਦਿੱਤੀ ਹੈ। ਇਜ਼ਰਾਇਲੀ ਸੈਨਾ ਮੁਤਾਬਕ ਗਾਜ਼ਾ ਤੋਂ ਹੁਣ ਤੱਕ 1050 ਤੋਂ ਜ਼ਿਆਦਾ ਰਾਕੇਟ ਦਾਗੇ ਗਏ ਹਨ। ਇਹਨਾਂ ਵਿਚੋਂ 850 ਤੋਂ ਵੱਧ ਰਾਕਟਾਂ ਨੂੰ ਉਸਦੇ ਡਿਫੈਂਸ ਸਿਸਟਮ ਆਇਰਨ ਡੋਮ ਨੇ ਹਵਾ ਵਿਚ ਹੀ ਮਾਰ ਦਿੱਤੇ। ਕਰੀਬ 200 ਰਾਕੇਟ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ਵਿਚ ਡਿੱਗੇ, ਜਿਸ ਨਾਲ ਕਾਫੀ ਨੁਕਸਾਨ ਹੋਇਆ। ਇਜ਼ਰਾਈਲ ਨੇ ਗਾਜ਼ਾ 'ਤੇ ਕਾਈ ਰਾਕੇਟ ਦਾਗੇ ਅਤੇ ਹਵਾਈ ਹਮਲੇ ਕੀਤੇ। ਹਮਾਸ ਨੇ 300 ਰਾਕੇਟ ਦਾਗਣ ਦੀ ਪੁਸ਼ਟੀ ਕੀਤੀ ਹੈ।

ਨੋਟ- ਇਜ਼ਰਾਈਲ-ਫਿਲਸਤੀਨ ਸੰਘਰਸ਼ : ਬਾਗੀਆਂ ਨੇ ਦਾਗੇ 1050 ਰਾਕੇਟ, ਪੀ.ਐੱਮ, ਨੇਤਨਯਾਹੂ ਨੇ ਦਿੱਤੀ ਚਿਤਾਵਨੀ. ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana