ਇਜ਼ਰਾਇਲ ਨੇ ਗਾਜ਼ਾ ''ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

11/27/2019 3:12:30 PM

ਯੇਰੂਸ਼ਲਮ— ਇਜ਼ਰਾਇਲ ਨੇ ਬੁੱਧਵਾਰ ਨੂੰ ਗਾਜ਼ਾ 'ਚ ਹਮਾਸ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਫੌਜ ਨੇ ਗਾਜ਼ਾ ਪੱਟੀ ਤੋਂ ਇਜ਼ਰਾਇਲ ਖੇਤਰ 'ਚ ਰਾਕੇਟ ਦਾਗੇ ਜਾਣ ਦੇ ਜਵਾਬ 'ਚ ਇਹ ਹਮਲੇ ਕੀਤੇ। ਇਜ਼ਰਾਇਲੀ ਫੌਜ ਨੇ ਕਿਹਾ ਕਿ ਦੱਖਣੀ ਗਾਜ਼ਾ ਪੱਟੀ 'ਚ ਇਨ੍ਹਾਂ ਹਵਾਈ ਹਮਲਿਆਂ 'ਚ ਹਥਿਆਰ ਬਣਾਉਣ ਵਾਲੀ ਇਕ ਇਕਾਈ ਸਣੇ ਹਮਾਸ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਰ ਹਮਲੇ ਦਾ ਸਖਤੀ ਨਾਲ ਜਵਾਬ ਦੇਣ ਦੀ ਚਿਤਾਵਨੀ ਦਿੱਤੀ ਸੀ ਜਿਸ ਦੇ ਬਾਅਦ ਇਹ ਹਵਾਈ ਹਮਲੇ ਕੀਤੇ ਗਏ। ਇਜ਼ਰਾਇਲੀ ਫੌਜ ਅਤੇ ਫਲਸਤੀਨੀ ਅੱਤਵਾਦੀਆਂ ਵਿਚਕਾਰ ਲਗਾਤਾਰ ਦੋ ਦਿਨਾਂ ਤਕ ਚੱਲੇ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਨੇਤਨਯਾਹੂ ਨੇ ਇਕ ਬਿਆਨ 'ਚ ਕਿਹਾ ਸੀ,'ਜੇਕਰ ਗਾਜ਼ਾ 'ਚ ਕਿਸੇ ਨੂੰ ਲੱਗਦਾ ਹੈ ਕਿ ਉਹ ਆਪਰੇਸ਼ਨ ਬਲੈਕ ਬੈਲਟ ਖਿਲਾਫ ਆਪਣਾ ਸਿਰ ਚੁੱਕ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਗਲਤਫਹਿਮੀ ਹੈ।''

ਫੌਜ ਨੇ ਮੰਗਲਵਾਰ ਨੂੰ ਕਿਹਾ,''ਗਾਜ਼ਾ ਪੱਟੀ ਤੋਂ ਇਜ਼ਰਾਇਲੀ ਖੇਤਰ 'ਚ ਦੋ ਰਾਕੇਟ ਦਾਗੇ ਗਏ ਸਨ। ਇਸ ਹਫਤੇ 'ਚ ਰਾਕੇਟ ਦਾਗ ਕੇ ਸੀਜ਼ ਫਾਇਰ ਤੋੜਨ ਦੀ ਇਹ ਦੂਜੀ ਘਟਨਾ ਸੀ।'' ਇਜ਼ਰਾਇਲ ਨੇ ਮੰਗਲਵਾਰ ਨੂੰ ਇਕ ਮੁਹਿੰਮ 'ਚ ਇਸਲਾਮੀ ਜਿਹਾਦ ਦੇ ਇਕ ਸਰਵਉੱਚ ਕਮਾਂਡਰ ਦਾ ਕਤਲ ਕਰ ਦਿੱਤਾ ਸੀ। ਇਸ ਹਮਲੇ ਦੇ ਤੁਰੰਤ ਬਾਅਦ ਇਸਲਾਮੀ ਜਿਹਾਦ ਵਲੋਂ ਇਜ਼ਰਾਇਲ 'ਚ ਸੈਂਕੜੇ ਦੀ ਗਿਣਤੀ 'ਚ ਜਵਾਬੀ ਰਾਕੇਟ ਹਮਲੇ ਕੀਤੇ ਗਏ। ਇਸ ਦੇ ਬਾਅਦ ਇਜ਼ਰਾਇਲੀ ਫੌਜ ਨੇ ਹਮਲੇ ਕੀਤੇ ਜਿਸ ਨਾਲ 16 ਆਮ ਨਾਗਰਿਕਾਂ ਸਣੇ ਕੁੱਲ 34 ਲੋਕ ਮਾਰੇ ਗਏ। ਇਜ਼ਰਾਇਲ ਅਤੇ ਸਾਲ 2007 ਤੋਂ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਕੱਟੜਪੰਥੀ ਸਮੂਹ ਹਮਾਸ ਵਿਚਕਾਰ ਗੈਰ-ਰਸਮੀ ਸੀਜ਼ਫਾਇਰ ਕਾਰਨ ਮਹੀਨਿਆਂ ਤਕ ਸ਼ਾਂਤੀ ਬਣੀ ਹੋਈ ਸੀ।